ਚਰਨਜੀਵ ਕੌਸ਼ਲ
ਸੰਗਰੂਰ: ਲਹਿਰਾ ਰਾਮਗੜ੍ਹ ਰੋਡ ਤੇ ਸਥਿਤ ਕ੍ਰਿਸ਼ਨਾ ਕਾਟਨ ਮਿੱਲ ਵਿੱਚ ਸਵੇਰੇ ਅਚਾਨਕ ਅੱਗ ਲੱਗ ਗਈ। ਦਰਅਸਲ, ਇਹ ਅੱਗ ਉਸ ਸਮੇਂ ਲੱਗੀ ਜਦੋਂ ਉੱਥੇ ਚੱਲ ਰਹੀ ਮਸ਼ੀਨਰੀ ਵਿੱਚੋਂ ਅਚਾਨਕ ਅੱਗ ਦੀ ਚੰਗਿਆੜੀ ਨਿਕਲਣ ਕਾਰਨ ਉੱਥੇ ਪਈ ਰੂੰਈ ਨੂੰ ਅੱਗ ਲੱਗ ਗਈ। ਜੋ ਦੋ ਮਿੰਟਾਂ ਦੇ ਅੰਦਰ-ਅੰਦਰ ਹੀ ਸਾਰੇ ਗੋਦਾਮ ਵਿਚ ਫੈਲ ਗਈ।
ਫੈਕਟਰੀ ਦੇ ਮਾਲਕ ਸ਼ਿਵ ਕੁਮਾਰ ਸ਼ਿਬੂ ਨੇ ਦੱਸਿਆ, ਕਿ ਸਵੇਰੇ 6 ਵਜੇ ਸਾਨੂੰ ਮਿਸਤਰੀ ਦਾ ਫੋਨ ਆਇਆ ਕਿ ਫੈਕਟਰੀ ਵਿੱਚ ਅੱਗ ਲੱਗ ਚੁੱਕੀ ਹੈ। ਜਦੋਂ ਅਸੀਂ ਜਾ ਕੇ ਦੇਖਿਆ ਤਾਂ ਅੱਗ ਨੇ ਫੈਕਟਰੀ ਵਾਲੇ ਗੁਦਾਮ ਅਤੇ ਮਸ਼ੀਨਰੀ ਰੂਮ ਨੂੰ ਸਾਰੇ ਪਾਸਿਓਂ ਘੇਰ ਲਿਆ। ਅਸੀਂ ਨਗਰ ਕੌਂਸਲ ਲਹਿਰਾਗਾਗਾ ਫੋਨ ਕਰਕੇ ਛੋਟੀ ਫ਼ਾਇਰ ਬ੍ਰਿਗੇਡ ਮੰਗਵਾਈ, ਭੱਠਿਆਂ ਤੋਂ ਪਾਣੀ ਦੀਆਂ ਟੈਂਕੀਆਂ ਮੰਗਵਾਇਆਂ। ਫਿਰ ਵੀ ਤੀਹ-ਪੈਂਤੀ ਗੱਠਾਂ ਬੰਦ ਤੇ ਬਾਕੀ ਜੋ ਸ਼ੈੱਡ ਖੁੱਲ੍ਹੀ ਰੂੰਈ ਪਈ ਸੀ ਉਸ ਨੂੰ ਅੱਗ ਲੱਗ ਗਈ। ਜਿਸ ਕਾਰਨ 50 ਲੱਖ ਰੁਪਏ ਦੇ ਕਰੀਬ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਦੱਸਿਆ ਕਿ ਇਕ ਮਸ਼ੀਨਰੀ ਮਕੈਨਿਕ ਆਨੰਦ ਯਾਦਵ ਜੋ ਬਿਹਾਰ ਦਾ ਰਹਿਣ ਵਾਲਾ ਹੈ ਅੱਗ ਦੀਆਂ ਤੇਜ਼ ਲਪਟਾਂ ਵਿੱਚ ਘਿਰ ਜਾਣ ਕਾਰਨ ਬੁਰੀ ਤਰ੍ਹਾਂ ਝੁਲਸ ਗਿਆ। ਜਿਸ ਨੂੰ ਇੱਥੋਂ ਸੰਗਰੂਰ ਰੈਫਰ ਕੀਤਾ ਗਿਆ ਹੈ। ਉਸ ਤੋਂ ਬਾਅਦ ਉਸਦੀ ਹਾਲਤ ਦੇਖਦਿਆਂ ਉਸ ਨੂੰ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਸਾਡੇ ਫੋਰਮੈਨ ਰਾਮ ਚੰਦ ਨੂੰ ਜਦੋਂ ਹੀ ਅੱਗ ਲੱਗਣ ਦਾ ਪਤਾ ਲੱਗਿਆ ਤਾਂ ਉਸ ਨੇ ਮੇਨ ਸਵਿਚ ਕੱਟ ਦਿੱਤਾ, ਪ੍ਰੰਤੂ ਦੇਖਦੇ- ਦੇਖਦੇ ਤੁਰੰਤ ਅੱਗ ਫੈਲ ਗਈ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਸਾਡੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਅਤੇ ਸ਼ਹਿਰ ਵਿੱਚ ਫਾਇਰ ਬ੍ਰਿਗੇਡ ਦਾ ਪੱਕੇ ਤੌਰ ਤੇ ਪ੍ਰਬੰਧ ਕੀਤਾ ਜਾਵੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।