
T20 World Cup 2021: ਬੰਗਲਾਦੇਸ਼ ਨੂੰ ਹਰਾ ਕੇ ਦੂਜੇ ਨੰਬਰ 'ਤੇ ਪਹੁੰਚਿਆ ਆਸਟਰੇਲੀਆ
ਆਸਟ੍ਰੇਲੀਆ ਨੇ ਆਪਣੇ ਸਪਿਨਰ ਐਡਮ ਜ਼ੈਂਪਾ ਦੇ ਦਮਦਾਰ ਪ੍ਰਦਰਸ਼ਨ ਦੀ ਬਦੌਲਤ ਟੀ-20 ਵਿਸ਼ਵ ਕੱਪ ਦੇ ਮੈਚ 'ਚ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਦੁਬਈ 'ਚ ਵੀਰਵਾਰ ਨੂੰ ਖੇਡੇ ਗਏ ਸੁਪਰ-12 ਪੜਾਅ ਦੇ ਇਸ ਮੈਚ 'ਚ ਬੰਗਲਾਦੇਸ਼ ਦੀ ਟੀਮ ਦੀ ਪਾਰੀ 15 ਓਵਰਾਂ 'ਚ 73 ਦੌੜਾਂ 'ਤੇ ਸਿਮਟ ਗਈ। ਇਸ ਤੋਂ ਬਾਅਦ ਆਸਟ੍ਰੇਲੀਆ ਨੇ 6.2 ਓਵਰਾਂ 'ਚ 38 ਗੇਂਦਾਂ 'ਤੇ 2 ਵਿਕਟਾਂ ਦੇ ਨੁਕਸਾਨ 'ਤੇ ਟੀਚਾ ਹਾਸਲ ਕਰ ਲਿਆ। ਲੈੱਗ ਸਪਿਨਰ ਐਡਮ ਜ਼ੈਂਪਾ ਨੇ ਆਪਣੇ ਕਰੀਅਰ ਦਾ ਸਭ ਤੋਂ ਬੇਹਤਰੀਨ ਖੇਡ ਪ੍ਰਦਰਸ਼ਨ ਦਿਖਾ ਪੰਜ ਵਿਕਟਾਂ ਲਈਆਂ।
ਇਸ ਜਿੱਤ ਨਾਲ ਆਸਟ੍ਰੇਲੀਆ ਦੇ ਪੂਰੇ 2 ਅੰਕ ਹੋ ਗਏ ਹਨ ਅਤੇ ਟੀਮ ਦੂਜੇ ਸਥਾਨ 'ਤੇ ਪਹੁੰਚ ਗਈ ਹੈ। ਗਰੁੱਪ-1 'ਚ ਦੱਖਣੀ ਅਫਰੀਕਾ ਦੇ ਵੀ 4 ਮੈਚਾਂ 'ਚ 6 ਅੰਕ ਹਨ ਪਰ ਹੁਣ ਆਸਟ੍ਰੇਲੀਆ ਦੀ ਨੈੱਟ ਰਨ ਰੇਟ ਉਸ ਤੋਂ ਬਿਹਤਰ ਹੋ ਗਈ ਹੈ। ਇੰਗਲੈਂਡ 4 ਮੈਚਾਂ 'ਚ 8 ਅੰਕਾਂ ਨਾਲ ਚੋਟੀ 'ਤੇ ਹੈ।
74 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਲਈ ਕਪਤਾਨ ਐਰੋਨ ਫਿੰਚ ਨੇ 40 ਦੌੜਾਂ ਬਣਾਈਆਂ ਅਤੇ ਡੇਵਿਡ ਵਾਰਨਰ (18) ਨਾਲ 58 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਵੀ ਕੀਤੀ। ਫਿੰਚ ਨੇ 20 ਗੇਂਦਾਂ ਦੀ ਆਪਣੀ ਤੂਫਾਨੀ ਪਾਰੀ 'ਚ 2 ਚੌਕੇ ਅਤੇ 4 ਛੱਕੇ ਲਗਾਏ। ਵਾਰਨਰ ਨੇ 14 ਗੇਂਦਾਂ 'ਚ 3 ਚੌਕੇ ਲਗਾਏ। ਮਿਸ਼ੇਲ ਮਾਰਸ਼ (16*) ਨੇ ਤਸਕੀਨ ਅਹਿਮਦ ਦੀ ਗੇਂਦ 'ਤੇ ਜੇਤੂ ਛੱਕਾ ਲਗਾਇਆ। ਬੰਗਲਾਦੇਸ਼ ਦੇ ਤਸਕੀਨ ਅਹਿਮਦ ਅਤੇ ਸ਼ਰੀਫੁਲ ਇਸਲਾਮ ਨੇ 1-1 ਵਿਕਟ ਲਈ।
ਇਸ ਤੋਂ ਪਹਿਲਾਂ ਆਸਟਰੇਲੀਆ ਦੀ ਗੇਂਦਬਾਜ਼ੀ ਸਾਹਮਣੇ ਬੰਗਲਾਦੇਸ਼ ਦੀ ਪਾਰੀ ਤਾਸ਼ ਦੇ ਪੱਤਿਆਂ ਵਾਂਗ ਚਕਨਾਚੂਰ ਹੋ ਗਈ। ਉਸ ਦਾ ਕੋਈ ਵੀ ਬੱਲੇਬਾਜ਼ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ਾਂ ਅਤੇ ਸਪਿਨਰਾਂ ਦਾ ਸਾਹਮਣਾ ਨਹੀਂ ਕਰ ਸਕਿਆ। ਜ਼ੈਂਪਾ ਨੇ 4 ਓਵਰਾਂ ਵਿੱਚ 19 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਉਨ੍ਹਾਂ ਤੋਂ ਇਲਾਵਾ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ (21 ਦੌੜਾਂ ਦੇ ਕੇ 2) ਅਤੇ ਜੋਸ਼ ਹੇਜ਼ਲਵੁੱਡ (8 ਦੌੜਾਂ ਦੇ ਕੇ 2) ਨੇ ਚਾਰ ਵਿਕਟਾਂ ਲਈਆਂ ਜਦਕਿ ਆਲਰਾਊਂਡਰ ਗਲੇਨ ਮੈਕਸਵੈੱਲ ਨੇ ਇਕ ਬੱਲੇਬਾਜ਼ ਨੂੰ ਪੈਵੇਲੀਅਨ ਭੇਜਿਆ।
ਬੰਗਲਾਦੇਸ਼ ਲਈ ਸਿਰਫ਼ ਤਿੰਨ ਬੱਲੇਬਾਜ਼ ਮੁਹੰਮਦ ਨਈਮ (17), ਕਪਤਾਨ ਮਹਿਮੂਦੁੱਲਾ (16) ਅਤੇ ਸ਼ਮੀਮ ਹੁਸੈਨ (19) ਹੀ ਦੋਹਰੇ ਅੰਕਾਂ 'ਤੇ ਪਹੁੰਚੇ। ਸਿਖਰਲੇ ਕ੍ਰਮ ਦੇ ਖਰਾਬ ਹੋਣ ਤੋਂ ਬਾਅਦ ਬੰਗਲਾਦੇਸ਼ ਦੀ ਟੀਮ ਇਕ ਸਮੇਂ 5 ਵਿਕਟਾਂ 'ਤੇ 33 ਦੌੜਾਂ 'ਤੇ ਸੰਘਰਸ਼ ਕਰ ਰਹੀ ਸੀ। ਮਹਿਮੂਦੁੱਲਾ ਅਤੇ ਸ਼ਮੀਮ ਨੇ ਅੱਧ ਵਿਚਾਲੇ ਵਾਪਸੀ ਦੀ ਉਮੀਦ ਜਗਾਈ।
ਸ਼ਮੀਮ ਨੂੰ ਆਊਟ ਕਰਨ ਤੋਂ ਬਾਅਦ ਜ਼ੈਂਪਾ ਨੇ ਅਗਲੀ ਹੀ ਗੇਂਦ 'ਤੇ ਮੇਹਦੀ ਹਸਨ ਨੂੰ ਆਊਟ ਕਰ ਦਿੱਤਾ। ਉਸ ਕੋਲ ਅਗਲੇ ਓਵਰ ਦੀ ਪਹਿਲੀ ਗੇਂਦ 'ਤੇ ਹੈਟ੍ਰਿਕ ਦਾ ਮੌਕਾ ਸੀ ਪਰ ਵਿਕਟਕੀਪਰ ਮੈਥਿਊ ਵੇਡ ਨੇ ਕੈਚ ਛੱਡ ਦਿੱਤਾ। ਸਟਾਰਕ ਨੇ ਮਹਿਮੂਦੁੱਲਾ ਨੂੰ ਵਿਕਟ ਦੇ ਪਿੱਛੇ ਕੈਚ ਕਰਵਾਇਆ ਜਦਕਿ ਜ਼ੈਂਪਾ ਨੇ ਬਾਕੀ ਦੋ ਵਿਕਟਾਂ ਲੈ ਕੇ ਬੰਗਲਾਦੇਸ਼ ਦੀ ਪਾਰੀ ਦਾ ਅੰਤ ਕੀਤਾ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।