ਵਿਰਾਟ ਕੋਹਲੀ, ਨਾਂਅ ਤਾਂ ਸੁਣਿਆ ਹੀ ਹੋਵੇਗਾ। ਜੀ ਹਾਂ, ਕ੍ਰਿਕੇਟ ਦੀ ਦੁਨੀਆ ਵਿੱਚ ਇਨ੍ਹਾਂ ਦਾ ਨਾਂਅ ਹੀ ਕਾਫ਼ੀ ਹੈ। ਅੱਜ ਯਾਨਿ 5 ਨਵੰਬਰ ਨੂੰ ਵਿਰਾਟ ਕੋਹਲੀ ਦਾ ਜਨਮਦਿਨ ਹੈ। ਉਹ 33 ਸਾਲਾਂ ਦੇ ਹੋ ਗਏ ਹਨ। ਭਾਵੇਂ ਉਨ੍ਹਾਂ ਦੀ ਕਪਤਾਨੀ ‘ਚ ਟੀਮ ਇੰਡੀਆ ਟੀ-20 ਵਿਸ਼ਵ ਕੱਪ ਵਿੱਚ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ। ਪਰ ਉਨ੍ਹਾਂ ਨੂੰ ਹਾਲੇ ਵੀ ਸਭ ਤੋਂ ਸਫ਼ਲ ਖਿਡਾਰੀ ਅਤੇ ਕਪਤਾਨ ਮੰਨਿਆ ਜਾਂਦਾ ਹੈ। ਵਿਰਾਟ ਨੇ ਮਹਿਜ਼ 23 ਸਾਲ ਦੀ ਉਮਰ ਵਿਚ ਹੀ 2 ਵਿਸ਼ਵ ਕੱਪ ਆਪਣੇ ਨਾਂਅ ਕਰ ਲਏ ਸੀ। ਉਹ ਅੱਜ ਟੀਮ ਇੰਡੀਆ ਦੇ ਸਭ ਤੋਂ ਸਫ਼ਲ ਟੈਸਟ ਕਪਤਾਨ ਵੀ ਹਨ।
ਵਿਰਾਟ ਕੋਹਲੀ ਨੇ 18 ਅਗਸਤ 2008 ਨੂੰ ਪਹਿਲੀ ਵਾਰ ਇੰਟਰਨੈਸ਼ਨਲ ਖੇਡਿਆ ਸੀ।
ਇਸ ਤੋਂ ਪਹਿਲਾਂ ਉਹ ਆਪਣੀ ਕਪਤਾਨੀ ‘ਚ 2008 ਟੀਮ ਨੂੰ ਅੰਡਰ-19 ਵਿਸ਼ਵ ਦਾ ਖ਼ਿਤਾਬ ਜਿਤਾ ਚੁੱਕੇ ਸੀ। ਫ਼ਿਰ 2011 ‘ਚ ਵੰਨ ਡੇਅ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਵੀ ਉਹ ਹਿੱਸਾ ਰਹੇ ਸੀ। ਯਾਨਿ 23 ਸਾਲਾਂ ਦੀ ਉਮਰ ‘ਚ ਉਹ ਆਪਣੇ ਲਈ ਵੱਡਾ ਨਾਂਅ ਕਮਾ ਚੁੱਕੇ ਸੀ। ਕਰੀਅਰ ਦੇ ਪਹਿਲੇ 7 ਸਾਲਾਂ ‘ਚ ਹੀ ਕੋਹਲੀ ਨੇ ਵੰਨ ਡੇਅ ‘ਚ 23 ਸੈਂਕੜੇ ਲਗਾ ਕੇ ਆਪਣੇ ਆਪ ਨੂੰ ਸਾਬਤ ਕੀਤਾ ਸੀ। ਉਹ ਅੱਜ ਇੰਟਰਨੈਸ਼ਨਲ ਕ੍ਰਿਕੇਟ ‘ਚ 23 ਹਜ਼ਾਰ ਤੋਂ ਵੱਧ ਦੌੜਾਂ ਬਣਾ ਚੁੱਕੇ ਹਨ ਅਤੇ ਦੁਨੀਆ ਦੇ 7 ਬੱਲੇਬਾਜ਼ਾਂ ਦੀ ਖ਼ਾਸ ਲਿਸਟ ਵਿੱਚ ਉਨ੍ਹਾਂ ਦਾ ਨਾਂਅ ਸ਼ਾਮਲ ਹੈ।
ਟੈਸਟ ਕਰੀਅਰ ‘ਚ ਜਿੱਤੇ 30 ਤੋਂ ਵੱਧ ਮੈਚ
ਵਿਰਾਟ ਕੋਹਲੀ ਦੀ ਕਪਤਾਨੀ ‘ਚ ਟੀਮ ਨੇ 65 ‘ਚੋਂ 38 ਟੈਸਟ ਜਿੱਤੇ ਹਨ, ਜਦਕਿ 16 ਵਿੱਚ ਹਾਰ ਮਿਲੀ ਹੈ। ਹੋਰ ਕੋਈ ਭਾਰਤੀ ਕਪਤਾਨ 30 ਟੈਸਟ ਨਹੀਂ ਜਿੱਤ ਸਕਿਆ ਹੈ। ਕੋਹਲੀ ਦੀ ਕਪਤਾਨੀ ‘ਚ ਟੀਮ ਵਿਸ਼ਵ ਟੈਸਟ ਮੁਕਾਬਲੇ ਦੇ ਪਹਿਲੇ ਸੀਜ਼ਨ ਦੇ ਫ਼ਾਈਨਲ ‘ਚ ਵੀ ਪਹੁੰਚੀ ਸੀ। ਹਾਲਾਂਕਿ ਟੀਮ ਫ਼ਾਈਨਲ ਹਾਰ ਗਈ ਸੀ। ਐੱਮ.ਐੱਸ. ਧੋਨੀ ਦੀ ਕਪਤਾਨੀ ‘ਚ ਟਮਿ ਨੇ 27 ਟੈਸਟ ਜਿੱਤੇ ਹਨ। ਕੋਹਲੀ ਦਾ ਰਿਕਾਰਡ ਵਿਦੇਸ਼ੀ ਧਰਤੀ ‘ਤੇ ਵੀ ਸ਼ਾਨਦਾਰ ਰਿਹਾ ਹੈ।
ਵਿਰਾਟ ਕੋਹਲੀ ਨੇ ਭਾਰਤ ਸਣੇ 8 ਦੇਸ਼ਾਂ ਵਿੱਚ ਬਤੌਰ ਕਪਤਾਨ ਟੈਸਟ ਮੈਚ ਖੇਡੇ।
ਇਨ੍ਹਾਂ ਵਿੱਚੋਂ 6 ਦੇਸ਼ਾਂ ‘ਚ ਘੱਟੋ-ਘੱਟ ਇੱਕ ਮੁਕਾਬਲਾ ਜਿੱਤਿਆ ਹੈ। ਕੋਹਲੀ ਦੀ ਕਪਤਾਨੀ ‘ਚ ਟੀਮ ਨੇ ਘਰ ਵਿੱਚ 30 ‘ਚੋਂ 23 ਟੈਸਟ ਜਿੱਤੇ। ਇਸ ਤੋਂ ਇਲਾਵਾ ਸ਼੍ਰੀਲੰਕਾ ‘ਚ 6 ਵਿੱਚੋਂ 5, ਵੈਸਟ ਇੰਡੀਜ਼ ‘ਚ 6 ਵਿੱਚੋਂ 4, ਇੰਗਲੈਂਡ ‘ਚ 10 ‘ਚੋਂ 3, ਆਸਟਰੇਲੀਆ ‘ਚ 7 ਵਿੱਚੋਂ 2 ਅਤੇ ਸਾਊਥ ਅਫ਼ਰੀਕਾ ‘ਚ 3 ਵਿੱਚੋਂ 1 ਟੈਸਟ ਮੈਚ ਜਿੱਤਿਆ। ਬੰਗਲਾਦੇਸ਼ ‘ਚ ਖੇਡਿਆ ਗਿਆ ਇਕਲੌਤਾ ਟੈਸਟ ਬਰਾਬਰੀ ‘ਤੇ ਖ਼ਤਮ ਹੋਇਆ। ਉੱਧਰ, ਨਿਊ ਜ਼ੀਲੈਂਡ ‘ਚ ਕੋਹਲੀ ਨੂੰ ਬਤੌਰ ਕਪਤਾਨ ਦੋਵੇਂ ਟੈਸਟਾਂ ਵਿੱਚ ਹਾਰ ਮਿਲੀ। ਕੋਹਲੀ ਨੇ ਬਤੌਰ ਕਪਤਾਨ ਵੰਨ ਡੇਅ ‘ਚ 95 ਵਿੱਚੋਂ 65 ਜਦਕਿ ਟੀ-20 ‘ਚ 48 ‘ਚੋਂ 28 ਮੁਕਾਬਲੇ ਜਿੱਤੇ ਹਨ। ਬਤੌਰ ਕਪਤਾਨ ਉਨ੍ਹਾਂ ਨੇ ਤਿੰਨੇ ਫ਼ਾਰਮੈਟ ‘ਚ 131 ਮੈਚ ਜਿੱਤੇ ਹਨ।
ਹਾਲੇ ਤੱਕ ਨਹੀਂ ਜਿੱਤ ਸਕੇ ਆਈਸੀਸੀ ਟਰਾਫ਼ੀ
ਭਾਵੇਂ ਵਿਰਾਟ ਕੋਹਲੀ ਦੇ ਬੱਲੇ ਦੇ ਨਾਂਅ ਕਈ ਵੱਡੇ-ਵੱਡੇ ਰਿਕਾਰਡ ਹਨ। ਟੀ-20 ਇੰਟਰਨੈਸ਼ਨਲ ‘ਚ ਉਨ੍ਹਾਂ ਤੋਂ ਵੱਧ ਦੌੜਾਂ ਕੋਈ ਨਹੀਂ ਬਣਾ ਸਕਿਆ, ਪਰ ਬਤੌਰ ਕਪਤਾਨ ਉਹ ਹਾਲੇ ਤੱਕ ਇੱਕ ਵੀ ਆਈਸੀਸੀ ਟਰਾਫ਼ੀ ਨਹੀਂ ਜਿੱਤ ਸਕੇ ਹਨ। ਇਸ ਕਾਰਨ ਕਈ ਲੋਕ ਉਨ੍ਹਾਂ ‘ਤੇ ਸਵਾਲ ਵੀ ਚੁੱਕਦੇ ਰਹੇ ਹਨ। 2017 ਦੀ ਚੈਂਪੀਅਨ ਟਰਾਫ਼ੀ, 2019 ਵੰਨਡੇ ਵਿਸ਼ਵ ਕੱਪ ਅਤੇ 2021 ਵਿਸ਼ਵ ਟੈਸਟ ਮੁਕਾਬਲੇ ‘ਚ ਟੀਮ ਖ਼ਿਤਾਬ ਦੇ ਨਜ਼ਦੀਕ ਪਹੁੰਚ ਕੇ ਹਾਰ ਗਈ। ਟੀ20 ਵਰਲਡ ਕੱਪ ਦੇ ਮੌਜੂਦਾ ਸੀਜ਼ਨ ਦੇ ਪਹਿਲੇ 2 ਮੈਚ ਹਾਰਨ ਤੋਂ ਬਾਅਦ ਕੋਹਲੀ ਦੀ ਆਲੋਚਨਾ ਹੋਈ। ਪਰ ਕੋਹਲੀ ਨੇ ਬਤੌਰ ਕਪਤਾਨ ਵਿਦੇਸ਼ ;ਚ ਟੀਮ ਇੰਡੀਆ ਜੋ ਵੱਡੀ ਸਫ਼ਲਤਾ ਦਿਵਾਈ, ਉਸ ਕਦੇ ਭੁਲਾਇਆ ਨਹੀਂ ਜਾ ਸਕਦਾ।
ਇਸ ਦੇ ਨਾਲ ਹੀ ਦੱਸ ਦਈਏ ਕਿ ਆਪਣੇ ਜਨਮਦਿਨ ‘ਤੇ ਯਾਨਿ 5 ਨਵੰਬਰ ਨੂੰ ਵਿਰਾਟ ਦੀ ਸਭ ਤੋਂ ਵੱਡੀ ਪ੍ਰੀਖਿਆ ਵੀ ਹੈ। ਟੀ-20 ਵਰਲਡ ਦੇ ਇੱਕ ਅਹਿਮ ਮੁਕਾਬਲੇ ‘ਚ ਵਿਰਾਟ ਦੀ ਟੀਮ ਦੀ ਭਿੜੰਤ ਸਕਾਟਲੈਂਡ ਨਾਲ ਹੈ।ਸੈਮੀਫ਼ਾਈਨਲ ਦੀ ਰੇਸ ;ਚ ਬਣੇ ਰਹਿਣ ਲਈ ਉਨ੍ਹਾਂ ਲਈ ਇਹ ਮੁਕਾਬਲਾ ਵੱਡੇ ਫ਼ਰਕ ਨਾਲ ਜਿੱਤਣਾ ਬੇਹੱਦ ਜ਼ਰੂਰੀ ਹੈ। ਮੌਜੂਦਾ ਟੀ20 ਵਿਸ਼ਵ ਕੱਪ ਤੋਂ ਬਾਅਦ ਕੋਹਲੀ ਟੀ20 ਟੀਮ ਦੀ ਕਪਤਾਨੀ ਛੱਡ ਦੇਣਗੇ। ਇਸ ਕਰਕੇ ਉਨ੍ਹਾਂ ਦੇ ਲਈ ਅੱਜ ਦਾ ਦਿਨ ਕਿਸੇ ਅਗਨੀ ਪ੍ਰੀਖਿਆ ਨਾਲੋਂ ਘੱਟ ਨਹੀਂ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।