ਨਵੀਂ ਦਿੱਲੀ: ਆਸਟ੍ਰੇਲੀਆਈ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ 'ਚ ਉਨ੍ਹਾਂ ਦੀ ਪ੍ਰੇਮਿਕਾ ਜੇਡ ਯਾਰਬਰੋ ਕੈਮਰੇ ਦੇ ਸਾਹਮਣੇ ਦਿੱਗਜ ਕ੍ਰਿਕਟਰ ਨੂੰ ਕੁੱਟਦੀ ਨਜ਼ਰ ਆ ਰਹੀ ਸੀ। ਇਹ ਵੀਡੀਓ ਸਾਹਮਣੇ ਆਉਂਦੇ ਹੀ ਕਲਾਰਕ ਨੂੰ ਲੱਖਾਂ ਰੁਪਏ ਦਾ ਚੂਨਾ ਲੱਗਣ ਜਾ ਰਿਹਾ ਹੈ। ਆਸਟ੍ਰੇਲੀਆਈ ਮੀਡੀਆ ਮੁਤਾਬਕ ਮਾਈਕਲ ਕਲਾਰਕ ਨੂੰ ਆਉਣ ਵਾਲੀ ਭਾਰਤ ਬਨਾਮ ਆਸਟ੍ਰੇਲੀਆ ਟੈਸਟ ਸੀਰੀਜ਼ ਦੇ ਕੁਮੈਂਟਰੀ ਪੈਨਲ ਤੋਂ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਬਾਰਡਰ-ਗਾਵਸਕਰ ਟਰਾਫੀ ਸੀਰੀਜ਼ ਦੀ ਕੁਮੈਂਟਰੀ ਲਈ ਮਾਈਕਲ ਕਲਾਰਕ ਨਾਲ ਕਰਾਰ ਕੀਤਾ ਹੈ।
ਕਲਾਰਕ ਦਾ ਬੀਸੀਸੀਆਈ ਨਾਲ ਕੰਟਰੈਕਟ ਪਿਆ ਖਤਰੇ ਵਿੱਚ
ਮੀਡੀਆ ਰਿਪੋਰਟਾਂ ਮੁਤਾਬਕ ਬੀਸੀਸੀਆਈ ਨੇ ਇਸ ਘਟਨਾ ਤੋਂ ਬਾਅਦ 2015 ਵਿੱਚ ਕੰਗਾਰੂ ਟੀਮ ਨੂੰ ਵਿਸ਼ਵ ਚੈਂਪੀਅਨ ਬਣਾਉਣ ਵਾਲੇ ਅਨੁਭਵੀ ਕ੍ਰਿਕਟਰ ਨੂੰ ਕੁਮੈਂਟਰੀ ਪੈਨਲ ਤੋਂ ਬਾਹਰ ਕਰਨ ਦਾ ਮਨ ਬਣਾ ਲਿਆ ਹੈ। ਰਿਪੋਰਟ ਮੁਤਾਬਕ ਬੀਸੀਸੀਆਈ ਅਤੇ ਕਲਾਰਕ ਵਿਚਾਲੇ ਕਰੀਬ 82 ਲੱਖ ਰੁਪਏ ਦਾ ਕਰਾਰ ਹੋਇਆ ਸੀ। ਪ੍ਰੇਮਿਕਾ ਨਾਲ ਵਿਵਾਦ ਤੋਂ ਬਾਅਦ ਭਾਰਤੀ ਬੋਰਡ ਹੁਣ ਕਲਾਰਕ ਦੇ ਕਰਾਰ ਦੀ ਸਮੀਖਿਆ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਆਸਟ੍ਰੇਲੀਆ ਵਿਚ ਵੀ ਕਈ ਠੇਕੇ ਗੁਆ ਚੁੱਕਾ ਹੈ।
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 9 ਫਰਵਰੀ ਤੋਂ ਪਹਿਲਾ ਟੈਸਟ
ਆਸਟ੍ਰੇਲੀਆ ਦੀ ਕ੍ਰਿਕਟ ਟੀਮ ਬਾਰਡਰ-ਗਾਵਸਕਰ ਟਰਾਫੀ ਲਈ ਭਾਰਤ ਆ ਰਹੀ ਹੈ। ਦੋਵਾਂ ਟੀਮਾਂ ਵਿਚਾਲੇ 4 ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਵੇਗੀ। ਸੀਰੀਜ਼ ਦਾ ਪਹਿਲਾ ਟੈਸਟ ਮੈਚ 9 ਫਰਵਰੀ ਤੋਂ ਨਾਗਪੁਰ 'ਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਇਸ ਅਹਿਮ ਸੀਰੀਜ਼ ਲਈ ਪੂਰੀ ਤਿਆਰੀ ਕਰ ਰਹੀਆਂ ਹਨ। ਭਾਰਤੀ ਟੀਮ ਨੂੰ ਇਸ ਸੀਰੀਜ਼ ਤੋਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚਣ ਦੀ ਟਿਕਟ ਮਿਲ ਜਾਵੇਗੀ। ਟੀਮ ਇੰਡੀਆ ਇਸ ਸੀਰੀਜ਼ 'ਚ ਬਿਹਤਰ ਪ੍ਰਦਰਸ਼ਨ ਕਰਕੇ ਵਿਸ਼ਵ ਰੈਂਕਿੰਗ 'ਚ ਨੰਬਰ ਇਕ 'ਤੇ ਪਹੁੰਚ ਸਕਦੀ ਹੈ।
ਕੁੱਟ ਦਾ ਕਾਰਨ ਪਿਆਰ ਵਿੱਚ ਬੇਵਫ਼ਾਈ
ਵੀਡੀਓ ਵਿੱਚ ਮਾਈਕਲ ਕਲਾਰਕ ਨੂੰ ਉਸਦੀ ਗਰਲਫ੍ਰੈਂਡ ਵੱਲੋਂ ਥੱਪੜ ਅਤੇ ਮੁੱਕਾ ਮਾਰਦੇ ਦੇਖਿਆ ਜਾ ਸਕਦਾ ਹੈ। ਕਲਾਰਕ ਅਤੇ ਉਸ ਦੀ ਪ੍ਰੇਮਿਕਾ ਵਿਚਕਾਰ ਸੜਕ 'ਤੇ ਇਸ ਹਾਈ ਵੋਲਟੇਜ ਡਰਾਮੇ ਦਾ ਕਾਰਨ ਪਿਆਰ ਵਿੱਚ ਬੇਵਫ਼ਾਈ ਦੱਸਿਆ ਜਾਂਦਾ ਹੈ। ਕਲਾਰਕ ਦੀ ਪ੍ਰੇਮਿਕਾ ਨੇ ਉਸ 'ਤੇ ਬੇਵਫ਼ਾਈ ਦਾ ਦੋਸ਼ ਲਗਾਇਆ ਹੈ। ਇਸ ਤੋਂ ਬਾਅਦ ਹੀ ਸੜਕ 'ਤੇ ਦੋਵਾਂ ਵਿਚਾਲੇ ਲੜਾਈ ਹੋ ਗਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Australia, BCCI, Cricket News, Viral news, Viral video