ਚਰਨਜੀਵ ਕੌਸ਼ਲ
ਸੰਗਰੂਰ : ਅੱਜ ਪੂਰੀ ਦੁਨੀਆ ਵਿੱਚ ਔਰਤ ਦਿਵਸ ਮਨਾਇਆ ਜਾ ਰਿਹਾ ਹੈ, ਇਸ ਮੌਕੇ ਤੁਹਾਨੂੰ ਇੱਕ ਅਜਿਹੀ ਖਿਡਾਰਨ ਜਗਜੀਤ ਕੌਰ ਬਾਰੇ ਦੱਸਦੇ ਹਾਂ, ਜਿਸਦੀ ਪੰਜਾਬ ਲਈ ਖੇਡਦੀ ਖੇਡਦੀ ਦੀ ਪੰਜਾਹ ਸਾਲ ਦੀ ਉਮਰ ਹੋ ਚੁੱਕੀ ਹੈ ਅਤੇ ਅੰਗਹੀਣ ਵੀ ਹੈ। ਜਿਸ ਨੇ ( ਸੈੰਕੜੇ) ਕਈ ਕਿੱਲੋ ਮੈਡਲ ਜਿੱਤ ਕੇ ਪੰਜਾਬ ਸਰਕਾਰ ਦੀ ਝੋਲੀ ਪਾਏ, ਪਰ ਉਸ ਨੂੰ ਨਾ ਕਿਤੇ ਨੌਕਰੀ ਨਾ ਕਿਸੇ ਤਰ੍ਹਾਂ ਦਾ ਮਾਣ ਸਨਮਾਨ ਸਰਕਾਰ ਜਾਂ ਲੀਡਰਾਂ ਨੇ ਨਹੀਂ ਦਿੱਤਾ। ਉਨ੍ਹਾਂ ਗਿਲਾ ਜ਼ਾਹਰ ਕਰਦਿਆਂ ਕਿਹਾ, ਕਿ ਜੇਕਰ ਨਾਮਣਾ ਖੱਟਣ ਵਾਲੀਆਂ ਔਰਤਾਂ ਨੂੰ ਬਣਦਾ ਸਨਮਾਨ ਨਹੀਂ ਦੇਣਾ ,ਫਿਰ ਔਰਤ ਦਿਵਸ ਮਨਾਉਣ ਦਾ ਕੀ ਫ਼ਾਇਦਾ।
ਇਸ ਖਿਡਾਰਨ ਨੇ ਨਿਊਜ਼-18 ਨਾਲ ਗੱਲਬਾਤ ਕਰਦਿਆਂ ਕਿਹਾ, ਕਿ ਮੈਂ ਬਚਪਨ ਤੋਂ ਹੀ ਹਾਕੀ, ਕਬੱਡੀ, ਦੌੜ ਆਦਿ ਖੇਡਦੀ ਹਾਂ ਅਤੇ 1997 ਤੋਂ ਲਗਾਤਾਰ ਮਸਤੂਆਣਾ ਸਾਹਿਬ ਵਿਖੇ ਵੀ ਖੇਡ ਰਹੀ ਹਾਂ। ਇਸ ਤੋਂ ਇਲਾਵਾ ਅਲਾਹਾਬਾਦ, ਜੰਮੂ ,ਦਿੱਲੀ, ਚੰਡੀਗੜ੍ਹ ,ਅਲਵਰ, ਜੈਪੁਰ ਅਤੇ ਇੰਟਰਨੈਸ਼ਨਲ ਮਲੇਸ਼ੀਆ ਆਦਿ ਵੀ ਖੇਡ ਚੁੱਕੀ ਹਾਂ। ਇਨ੍ਹਾਂ ਸੂਬਿਆਂ ਤੇ ਬਾਹਰਲੇ ਦੇਸ਼ਾਂ ਤੋਂ ਇਲਾਵਾ ਪੰਜਾਬ ਵਿੱਚ ਵੀ ਸੈਂਕੜੇ ਗੇਮਾਂ ਵਿਚ ਮੈਂ ਪੁਜ਼ੀਸ਼ਨ ਹਾਸਲ ਕੀਤੀ ਹੈ। ਪਰ ਕਿਸੇ ਵੀ ਸਰਕਾਰ ਨੇ ਨੌਕਰੀ ਰੁਜ਼ਗਾਰ ਤਾਂ ਕੀ ਦੇਣਾ ਸੀ ਉਂਜ ਵੀ ਮਾਲੀ ਸਹਾਇਤਾ ਵਜੋਂ ਮਾਣ ਸਨਮਾਨ ਨਹੀਂ ਕੀਤਾ। ਮੈਂ ਲੱਖਾਂ ਰੁਪਏ ਖ਼ਰਚ ਕੇ ਗੇਮਾਂ ਵਿੱਚ ਭਾਗ ਲੈਂਦਿਆਂ ਅਨੇਕਾਂ ਤਮਗੇ ਸਰਕਾਰ ਦੀ ਝੋਲੀ ਪਾਏ ਹਨ।
ਉਨ੍ਹਾਂ ਹਲਕੇ ਦੇ ਨੇਤਾ ਬੀਬੀ ਭੱਠਲ, ਭਗਵੰਤ ਮਾਨ ਅਤੇ ਪਰਮਿੰਦਰ ਢੀਂਡਸਾ ਆਦਿ ਤੇ ਗਿਲਾ ਕਰਦਿਆਂ ਕਿਹਾ, ਕਿ ਇਨ੍ਹਾਂ ਨੇ ਸਿਰਫ਼ ਸਿਰੋਪੇ ਦੇ ਕੇ ਸਾਰਿਆ ਹੈ। ਮੈਂ ਅੰਗਹੀਣ ਹਾਂ, ਇਕ ਅੱਖ ਤੋਂ ਚਾਲੀ ਫ਼ੀਸਦੀ ਹੀ ਦਿੱਸਦਾ ਹੈ।ਮੈਂ ਚਪੜਾਸੀ ਦੀ ਨੌਕਰੀ ਲੈਣ ਲਈ ਵੀ ਬਹੁਤ ਦਰਖਾਸਤਾਂ ਦਿੱਤੀਆਂ,ਪਰ ਨੌਕਰੀ ਦੇ ਨਾਮ ਥੱਲੇ ਮੇਰੀਆਂ ਅਰਜ਼ੀਆਂ ਜਾਂ ਤਾਂ ਇੰਨਾ ਨੇ ਕੋਲ ਰੱਖ ਲਈਆਂ ਜਾਂ ਉਨ੍ਹਾਂ ਤੇ ਸਿਫ਼ਾਰਸ਼ ਸ਼ਬਦ ਲਿਖ ਕੇ ਹੀ ਮੈਨੂੰ ਫੜਾ ਦਿੱਤਾ।
ਜਗਜੀਤ ਕੌਰ ਦੇ ਪਤੀ ਹਰਪਾਲ ਸਿੰਘ ਨੇ ਦੁਖੀ ਮਨ ਨਾਲ ਕਿਹਾ ,ਕਿ ਪੰਜਾਬ ਤੋਂ ਤਾ ਹਰਿਆਣਾ ਸਰਕਾਰ ਅੱਗੇ ਹੈ, ਜੋ ਖਿਡਾਰੀਆਂ ਨੂੰ ਬਣਦਾ ਮਾਣ ਸਨਮਾਨ ਅਤੇ ਨੌਕਰੀ ਦੇ ਰਹੀ ਹੈ। ਰੁਜ਼ਗਾਰ ਜਾਂ ਮਾਣ ਸਨਮਾਨ ਦੇ ਨਾਮ ਤੇ ਪੰਜਾਬ ਸਰਕਾਰ ਮੂੰਹ ਫੇਰ ਲੈਂਦੀ ਹੈ। ਉਨ੍ਹਾਂ ਇਹ ਵੀ ਸਪਸ਼ਟ ਸ਼ਬਦਾਂ ਵਿੱਚ ਕਿਹਾ, ਕਿ ਅਸੀਂ ਅੱਗੇ ਤੋਂ ਹਰਿਆਣਾ ਵੱਲੋਂ ਖੇਡਾਂਗੇ ਤਾਂ ਜੋ ਸਾਡੀ ਬਾਂਹ ਫੜੀ ਜਾਵੇ ।ਹਰਪਾਲ ਸਿੰਘ ਨੇ ਕਿਹਾ ਕਿ ਮੇਰੀ ਲੜਕੀ ਵੀ ਉੱਚ ਕੋਟੀ ਦੀ ਖਿਡਾਰਨ ਹੈ। ਪਰ ਉਹ ਵੀ ਸਰਕਾਰ ਦੀ ਬੇਰੁਖ਼ੀ ਕਾਰਨ ਖੇਡਣ ਦੀ ਥਾਂ ਵਿਦੇਸ਼ ਚਲੀ ਗਈ ਹੈ।
ਹੁਣ ਦੇਖਣਾ ਇਹ ਹੋਵੇਗਾ,ਕਿ ਸਰਕਾਰਾਂ ਸਿਰਫ਼ ਔਰਤ ਦਿਵਸ ਮਨਾਉਣ ਹੀ ਜਾਣਦੀਆਂ ਹਨ ਜਾਂ ਔਰਤਾਂ ਨੂੰ ਮਾਣ ਸਨਮਾਨ ਵੀ ਦੇਣਗੀਆਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: International Women's Day, Sports