ਸਿੱਖ ਫੁੱਟਬਾਲ ਕੱਪ : ਖਾਲਸਾ ਐੱਫ.ਸੀ. ਗੁਰਦਾਸਪੁਰ ਤੇ ਖਾਲਸਾ ਐੱਫ.ਸੀ. ਜਲੰਧਰ ਦੀ ਟੀਮ ਫਾਈਨਲ ‘ਚ

News18 Punjabi | News18 Punjab
Updated: February 6, 2020, 9:23 PM IST
share image
ਸਿੱਖ ਫੁੱਟਬਾਲ ਕੱਪ : ਖਾਲਸਾ ਐੱਫ.ਸੀ. ਗੁਰਦਾਸਪੁਰ ਤੇ ਖਾਲਸਾ ਐੱਫ.ਸੀ. ਜਲੰਧਰ ਦੀ ਟੀਮ ਫਾਈਨਲ ‘ਚ
ਸਿੱਖ ਫੁੱਟਬਾਲ ਕੱਪ : ਖਾਲਸਾ ਐੱਫ.ਸੀ. ਗੁਰਦਾਸਪੁਰ ਤੇ ਖਾਲਸਾ ਐੱਫ.ਸੀ. ਜਲੰਧਰ ਦੀ ਟੀਮ ਫਾਈਨਲ ‘ਚ

ਖਾਲਸਾ ਐੱਫ.ਸੀ ਗੁਰਦਾਸਪੁਰ ਨੇ ਖਾਲਸਾ ਐੱਫ.ਸੀ  ਬਰਨਾਲਾ ਨੂੰ 2-0 ਨਾਲ ਹਰਾਇਆ।ਖਾਲਸਾ ਐੱਫ.ਸੀ. ਜਲੰਧਰ ਨੇ ਖਾਲਸਾ ਐੱਫ.ਸੀ. ਰੂਪਨਗਰ ਨੂੰ ਪੈਨਲਟੀਆਂ ‘ਚ ਪਛਾੜਿਆ। ਸਾਬਤ-ਸੂਰਤ ਟੀਮਾਂ ਦੇ ਆਖਰੀ ਭੇੜ ਹੁਣ 8 ਫਰਵਰੀ ਨੂੰ ਚੰਡੀਗੜ੍ਹ 'ਚ ਹੋਵੇਗਾ

  • Share this:
  • Facebook share img
  • Twitter share img
  • Linkedin share img
ਖਾਲਸਾ ਫੁੱਟਬਾਲ ਕਲੱਬ (ਖਾਲਸਾ ਐੱਫ.ਸੀ.) ਵੱਲੋਂ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਦੇ ਸਹਿਯੋਗ ਨਾਲ ਪੰਜਾਬ ਭਰ ਵਿੱਚ ਸਾਬਤ-ਸੂਰਤ ਟੀਮਾਂ ਦੇ ਕਰਵਾਏ ਜਾ ਰਹੇ ਸਿੱਖ ਫੁੱਟਬਾਲ ਕੱਪ ਦੇ ਸੈਮੀ ਫਾਈਨਲ ਮੈਚ ਅੱਜ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਵਿਖੇ ਹੋਏ ਜਿਸ ਵਿੱਚੋਂ ਖਾਲਸਾ ਐੱਫ.ਸੀ. ਗੁਰਦਾਸਪੁਰ ਤੇ ਖਾਲਸਾ ਐੱਫ.ਸੀ. ਜਲੰਧਰ ਸਿੱਖ ਫੁੱਟਬਾਲ ਕੱਪ ਦੇ ਫਾਈਨਲ ਵਿੱਚ ਪਹੁੰਚ ਗਈਆਂ ਹਨ। ਹੁਣ ਇੰਨਾਂ ਟੀਮਾਂ ਦਾ ਫਾਈਨਲ ਮੁਕਾਬਲਾ ਸੈਕਟਰ 42, ਚੰਡੀਗੜ ਦੇ ਸਟੇਡੀਅਮ ਵਿੱਚ 8 ਫਰਵਰੀ ਨੂੰ ਸਵੇਰੇ 11 ਵਜੇ ਹੋਵੇਗਾ।

ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਖਾਲਸਾ ਐੱਫ.ਸੀ. ਦੇ ਸਕੱਤਰ ਜਨਰਲ ਡਾ. ਪ੍ਰੀਤਮ ਸਿੰਘ ਡਾਇਰੈਕਟਰ ਖੇਡਾਂ ਨੇ ਦੱਸਿਆ ਕਿ ਅੱਜ ਯੂਨੀਵਰਸਿਟੀ ਵਿਖੇ ਹੋਏ ਮੈਚਾਂ ਦਾ ਉਦਘਾਟਨ ਸੰਤ ਬਾਬਾ ਸਤਪਾਲ ਸਿੰਘ ਕਾਹਰੀ ਸਾਹਰੀ ਵਾਲ਼ਿਆਂ ਤੇ ਸੰਤ ਬਾਬਾ ਦਿਲਾਵਰ ਸਿੰਘ ਬਰ੍ਹਮਜੀ ਨੇ ਕੀਤਾ। ਇਸ ਮੌਕੇ ਉਨਾ ਨਾਲ ਡਾ.ਜਤਿੰਦਰ ਸਿੰਘ ਬੱਲ ਵਾਇਸ-ਚਾਂਸਲਰ, ਖਾਲਸਾ ਐੱਫ.ਸੀ. ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ਼ ਅਤੇ ਅਮਰੀਕਨ ਸਿੱਖ ਕੌਂਸਲ ਦੇ ਪ੍ਰਧਾਨ ਕਿਰਪਾਲ ਸਿੰਘ ਨਿੱਜਰ ਵੀ ਨਾਲ ਸਨ।

ਟੂਰਨਾਮੈਂਟ ਦੀ ਅਰੰਭਤਾ ਤੋਂ ਪਹਿਲਾਂ ਬਾਬਾ ਸਤਪਾਲ ਸਿੰਘ ਕਾਹਰੀ ਸਾਹਰੀ ਵਾਲਿਆਂ ਨੇ ਸਮੂਹ ਹਾਜ਼ਰੀਨ ਨੂੰ ਪੰਜ ਮੂਲ-ਮੰਤਰ ਦੇ ਪਾਠਾਂ ਦਾ ਜਾਪ ਕਰਵਾਇਆ ਅਤੇ ਟੂਰਨਾਮੈਂਟ ਦੀ ਚੜਦੀਕਲਾ ਲਈ ਅਰਦਾਸ ਕੀਤੀ। ਗੱਤਕਈ ਸਿੰਘਾਂ ਨੇ ਸਿੱਖ ਜੰਗਜੂ ਕਲਾ ਦੇ ਜੌਹਰ ਦਿਖਾਏ।


ਇਸ ਮੌਕੇ ਬੋਲਦਿਆਂ ਸੰਤ ਬਾਬਾ ਸਤਪਾਲ ਸਿੰਘ ਕਾਹਰੀ ਸਾਹਰੀ ਵਾਲ਼ਿਆਂ ਤੇ ਸੰਤ ਬਾਬਾ ਦਿਲਾਵਰ ਸਿੰਘ ਬਰ੍ਹਮਜੀ ਨੇ ਖਾਲਸਾ ਐਫ.ਸੀ. ਵੱਲੋਂ ਕੇਸਾਧਾਰੀ ਖਿਡਾਰੀਆਂ ਲਈ ਫੁੱਟਬਾਲ ਕੱਪ ਕਰਵਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਟੂਰਨਾਮੈਂਟ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ, ਸਿੱਖ ਵਿਰਸੇ ਨਾਲ ਜੋੜਨ, ਸਿੱਖ ਪਹਿਚਾਣ ਨੂੰ ਪ੍ਰਫੁੱਲਿਤ ਕਰਨ ਅਤੇ ਨੌਜਵਾਨਾਂ ਨੂੰ ਖੇਡ ਗਤੀਵਿਧੀਆਂ ਵੱਲ ਪਰਤਣ ਵਿਚ ਸਹਾਇਤਾ ਕਰੇਗਾ।

ਵਾਇਸ-ਚਾਂਸਲਰ ਡਾ. ਬੱਲ ਨੇ ਕਿਹਾ ਕਿ ਸਾਬਤ-ਸੂਰਤ ਖਿਡਾਰੀਆਂ ਨੂੰ ਖੇਡਾਂ ਵਿੱਚ ਉਤਸ਼ਾਹਤ ਕਰਨ ਦਾ ਉਪਰਾਲਾ ਮੌਜੂਦਾ ਸਮੇਂ ਦੀ ਵੱਡੀ ਲੋੜ ਸੀ ਜਿਸ ਲਈ ਖਾਲਸਾ ਐਫ.ਸੀ. ਦੇ ਪ੍ਰਬੰਧਕ ਵਧਾਈ ਦੇ ਪਾਤਰ ਹਨ। ਉਨਾ ਕਿਹਾ ਕਿ ਇਸ ਟੂਰਨਾਮੈਂਟ ਤੋਂ ਪ੍ਰੇਰਣਾ ਲੈ ਕੇ ਹੋਰਨਾਂ ਖੇਡਾਂ ਵਿੱਚ ਖੇਡ ਰਹੇ ਸਿੱਖ ਖਿਡਾਰੀਆਂ ਨੂੰ ਆਪਣੇ ਮੂਲ ਸਰੂਪ ਅਨੁਸਾਰ ਸਾਬਤ-ਸੂਰਤ ਬਣਕੇ ਖੇਡਣਾ ਚਾਹੀਦਾ ਹੈ।

ਗਰੇਵਾਲ਼ ਨੇ ਦੱਸਿਆ ਕਿ ਇਸ ਫੁੱਟਬਾਲ ਕੱਪ ਦੌਰਾਨ ਪੰਜਾਬ ਦੇ 22 ਜ਼ਿਲਿਆਂ ਸਮੇਤ ਚੰਡੀਗੜ ਦੀ ਟੀਮ ਫੀਫਾ ਦੇ ਨਿਯਮਾਂ ਅਨੁਸਾਰ ਨਾਕਆਊਟ ਆਧਾਰ ਉਤੇ ਮੈਚ ਖੇਡ ਰਹੀਆਂ ਹਨ। ਅੱਜ ਇੱਥੇ ਦੋ ਸੈਮੀ ਫਾਈਨਲ ਮੈਚ ਖੇਡੇ ਗਏ ਜਿਸ ਦੌਰਾਨ ਖਾਲਸਾ ਐੱਫ.ਸੀ. ਗੁਰਦਾਸਪੁਰ ਦੀ ਟੀਮ ਨੇ ਖਾਲਸਾ ਐੱਫ.ਸੀ. ਬਰਨਾਲਾ ਦੀ ਟੀਮ ਨੂੰ 2-0 ਅੰਕ ਨਾਲ ਹਰਾ ਦਿੱਤਾ। ਦੂਜੇ ਫਸਵੇਂ ਮੈਚ ਦੌਰਾਨ ਖਾਲਸਾ ਐੱਫ.ਸੀ. ਜਲੰਧਰ ਅਤੇ ਖਾਲਸਾ ਐੱਫ.ਸੀ. ਰੂਪਨਗਰ ਦੀਆਂ ਟੀਮਾਂ ਦੋ ਵਾਰ ਦਿੱਤੇ ਵਾਧੂ ਸਮੇਂ ਵਿੱਚ ਵੀ ਗੋਲ ਰਹਿਤ ਹੋਣ ਪਿੱਛੋਂ ਪੈਨਲਟੀਆਂ ਦੌਰਾਨ ਖਾਲਸਾ ਐੱਫ.ਸੀ. ਜਲੰਧਰ ਨੇ ਰੂਪਨਗਰ ਨੂੰ 4-3 ਅੰਕਾਂ ਨਾਲ ਪਛਾੜ ਦਿੱਤਾ।

ਇਸ ਟੂਰਨਾਮੈਂਟ ਮੌਕੇ ਹੋਰਨਾਂ ਤੋਂ ਇਲਾਵਾ ਹਰਦਮਨ ਸਿੰਘ ਸੈਕਟਰੀ, ਸਾਧੂ ਸਿੰਘ ਨਿੱਝਰ, ਮਾਨਪ੍ਰੀਤ ਸਿੰਘ ਘੜਿਆਲ, ਪ੍ਰੋ ਪਰਮਪ੍ਰੀਤ ਸਿੰਘ ਸਕੱਤਰ ਖਾਲਸਾ ਫੁਟਬਾਲ ਕਲੱਬ, ਪ੍ਰਿੰਸੀਪਲ ਰਣਜੀਤ ਸਿੰਘ, ਜੀਤ ਸਿੰਘ ਇਟਲੀ, ਸੇਵਾ ਮੁਕਤ ਪ੍ਰਿੰਸੀਪਲ ਜਗਮੋਹਨ ਸਿੰਘ, ਪੋ੍ ਅਮਰਜੀਤ ਸਿੰਘ, ਪੋ੍ ਸਰਬਜੀਤ ਸਿੰਘ, ਡਾ. ਆਰ.ਐਸ. ਪਠਾਨੀਆ, ਡਾ. ਮਾਹੀ, ਤਮਨਾ ਕਿਰਨ, ਮਨਜੀਤ ਕੌਰ, ਪਰਨਾਮ ਸਿੰਘ, ਪਰਭਜੋਤ ਸਿੰਘ, ਵਿਜੇ ਕੁਮਾਰ, ਗੱਤਕਾ ਕੋਚ ਸੱਚਨਾਮ ਸਿੰਘ ਤੇ ਵਿਜੇ ਪਰਤਾਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਵੀ ਹਾਜ਼ਰ ਸਨ।

ਡਾ. ਪ੍ਰੀਤਮ ਸਿੰਘ ਨੇ ਦੱਸਿਆ ਕਿ ਇਸ ਇਤਿਹਾਸਕ ਸਿੱਖ ਫੁੱਟਬਾਲ ਕੱਪ ਦਾ ਫਾਈਨਲ ਅਤੇ ਇਨਾਮ ਵੰਡ ਸਮਾਰੋਹ ਸੈਕਟਰ 42, ਚੰਡੀਗੜ ਦੇ ਸਟੇਡੀਅਮ ਵਿੱਚ 8 ਫਰਵਰੀ ਨੂੰ ਸਵੇਰੇ 11 ਵਜੇ ਹੋਵੇਗਾ ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਸਾਬਤ-ਸੂਰਤ ਟੀਮਾਂ ਨੂੰ ਅਸੀਸ ਦੇਣਗੇ ਅਤੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਨਗੇ। ਇਸ ਮੌਕੇ ਪੰਥ ਦੀਆਂ ਹੋਰ ਮਾਇਆਨਾਜ਼ ਹਸਤੀਆਂ ਅਤੇ ਕਈ ਉੱਚ ਅਧਿਕਾਰੀ ਇਸ ਸਮਾਗਮ ਦੀ ਸ਼ੋਭਾ ਵਧਾਉਣਗੇ।

 
First published: February 6, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading