ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਦਾ ਦੇਸ਼ ਦੇ ਲਈ ਖੇਡੇ ਗਏ ਹਰ ਇੱਕ ਮੈਚ ਦੇ ਆਖਰੀ ਮਿੰਟ ਤੱਕ ਲੜਨਾ ਹਰ ਕਿਸੇ ਲਈ ਇਕ ਪ੍ਰੇਰਣਾ ਹੈ। ਇੱਕ ਸਮਾਂ ਸੀ ਜਦੋਂ ਰਾਣੀ ਗਰੀਬੀ ਦੀ ਅੱਗ ਵਿਚ ਝੁਲਸ ਰਹੀ ਸੀ ਅਤੇ ਉਸਨੂੰ ਦਿਨ ਵਿੱਚ ਦੋ ਵਕਤ ਦਾ ਖਾਣਾ ਵੀ ਨਹੀਂ ਮਿਲ ਪਾਂਦਾ ਸੀ ਜਿਸਦੇ ਚਲਦੇ ਉਸ ਨੂੰ ਆਪਣੀਆਂ ਪੌਸ਼ਟਿਕ ਜ਼ਰੂਰਤਾਂ ਪੂਰੀਆਂ ਕਰਨ ਲਈ ਪਾਣੀ ਦੀ ਭਰਪੂਰ ਮਾਤਰਾ ਵਿੱਚ ਘੁਲਿਆ ਹੋਇਆ ਦੁੱਧ ਪੀਣਾ ਪੈਂਦਾ ਸੀ।
ਰਾਣੀ ਦੀ ਅਗਵਾਈ ਵਾਲੀ ਭਾਰਤੀ ਹਾੱਕੀ ਟੀਮ ਨੇ ਸੋਮਵਾਰ ਨੂੰ ਟੋਕੀਓ ਓਲੰਪਿਕਸ ਵਿੱਚ ਸੈਮੀਫਾਈਨਲ ਵਿੱਚ ਜਗ੍ਹਾ ਪੱਕੀ ਕਰਕੇ ਪੂਰੇ ਦੇਸ਼ ਦਾ ਮਾਣ ਵਧਾਇਆ ਹੈ, ਵਿਸ਼ਵ ਦੀ ਦੂਜੇ ਨੰਬਰ ਦੀ ਆਸਟਰੇਲੀਆ ਟੀਮ ਨੂੰ ਭਾਰਤ ਨੇ 1-0 ਨਾਲ ਹਰਾਇਆ, ਜੋ ਕਿ ਟੀਮ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ।
ਰਾਣੀ ਨੇ ਕੁਝ ਦਿਨ ਪਹਿਲਾਂ ਇਕ ਇੰਟਰਵਿਉ ਵਿਚ ਆਪਣੀ ਦਰਦ ਭਰੀ ਕਹਾਣੀ ਬਿਆਨ ਕਰਦਿਆਂ ਕਿਹਾ ਸੀ, 'ਮੈਂ ਆਪਣੀ ਜ਼ਿੰਦਗੀ ਤੋਂ ਭੱਜਣਾ ਚਾਹੁੰਦੀ ਸੀ। ਦਿਨ ਭਰ ਬਿਜਲੀ ਨਹੀਂ ਆਉਂਦੀ ਸੀ। ਮੱਛਰ ਕੰਨਾਂ 'ਤੇ ਗੂੰਜਦੇ ਰਹਿੰਦੇ ਸੀ ਅਤੇ ਦੋ ਵਕਤ ਦੀ ਰੋਟੀ ਮੁਸ਼ਕਿਲ ਨਾਲ ਹੀ ਮਿਲਦੀ ਸੀ। ਜਦੋਂ ਮੀਂਹ ਪੈਂਦਾ ਸੀ ਤਾਂ ਘਰ ਪਾਣੀ ਨਾਲ ਭਰ ਜਾਂਦਾ ਸੀ। ਮੇਰੇ ਪਿਤਾ ਨੇ ਸਾਨੂੰ ਵਧੀਆ ਜੀਵਨ ਦੇਣ ਦੀ ਪੂਰੀ ਕੋਸ਼ਿਸ਼ ਕੀਤੀ। ਉਹ ਕਾਰ ਚਲਾਉਂਦੇ ਸਨ ਅਤੇ ਮਾਂ ਨੌਕਰਾਣੀ ਵਜੋਂ ਕੰਮ ਕਰਦੀ ਸੀ।'
ਅੱਗੇ ਬੋਲਦਿਆਂ ਰਾਣੀ ਕਹਿੰਦੀ ਹੈ, 'ਮੇਰੇ ਘਰ ਦੇ ਨੇੜੇ ਇੱਕ ਹਾਕੀ ਅਕੈਡਮੀ ਸੀ, ਇਸ ਲਈ ਮੈਂ ਘੰਟਿਆਂ ਖਿਡਾਰੀਆਂ ਨੂੰ ਅਭਿਆਸ ਕਰਦੇ ਵੇਖਦੀ ਸੀ। ਮੈਂ ਸੱਚਮੁੱਚ ਖੇਡਣਾ ਵੀ ਚਾਹੁੰਦੀ ਸੀ। ਪਾਪਾ ਰੋਜ਼ਾਨਾ 80 ਰੁਪਏ ਕਮਾਉਂਦੇ ਸਨ ਅਤੇ ਮੇਰੇ ਲਈ ਹਾਕੀ ਸਟਿਕ ਨਹੀਂ ਖਰੀਦ ਸਕਦੇ ਸਨ। ਹਰ ਰੋਜ਼ ਮੈਂ ਕੋਚ ਕੋਲ ਜਾਂਦੀ ਸੀ ਅਤੇ ਮੈਨੂੰ ਸਿਖਾਉਣ ਲਈ ਵੀ ਕਹਿੰਦੀ ਸੀ। ਕੋਚ ਨੇ ਮੈਨੂੰ ਮਨਾ ਕਰ ਦਿੱਤਾ ਸੀ ਕਿਉਂਕਿ ਮੈਂ ਕੁਪੋਸ਼ਣ ਦਾ ਸ਼ਿਕਾਰ ਸੀ।
ਉਹ ਕਹਿੰਦਾ ਸੀ, 'ਤੁਸੀਂ ਅਭਿਆਸ ਸੈਸ਼ਨ ਲਈ ਇੰਨੇ ਮਜ਼ਬੂਤ ਨਹੀਂ ਹੋ।' ਉਸ ਤੋਂ ਬਾਅਦ ਮੈਨੂੰ ਮੈਦਾਨ 'ਤੇ ਟੁੱਟੀ ਹਾਕੀ ਸਟਿੱਕ ਮਿਲੀ ਅਤੇ ਉਸ ਨਾਲ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਮੇਰੇ ਕੋਲ ਸਿਖਲਾਈ ਦੇ ਕੱਪੜੇ ਨਹੀਂ ਸਨ, ਇਸ ਲਈ ਮੈਂ ਸਲਵਾਰ ਕਮੀਜ਼ ਵਿੱਚ ਇਧਰ ਉਧਰ ਭੱਜਦੀ ਸੀ। ਪਰ ਮੈਂ ਆਪਣੇ ਆਪ ਨੂੰ ਸਾਬਤ ਕਰਨ ਲਈ ਦ੍ਰਿੜ ਸੀ। ਮੈਂ ਕੋਚ ਤੋਂ ਇੱਕ ਮੌਕਾ ਮੰਗਿਆ ਅਤੇ ਬਹੁਤ ਮੁਸ਼ਕਲ ਨਾਲ ਅੰਤ ਵਿੱਚ ਉਸਨੂੰ ਤਿਆਰ ਕੀਤਾ।
ਰਾਣੀ ਦੀ ਇਹ ਸੰਘਰਸ਼ਪੂਰਨ ਕਹਾਣੀ ਸੁਣ ਕੇ ਕਿਸੇ ਦੀ ਵੀ ਅੱਖਾਂ ਵਿਚ ਹੰਝੂ ਆ ਸਕਦੇ ਹਨ ਪਰ ਹੁਣ ਦੇਸ਼ ਨੂੰ ਰਾਣੀ ਅਤੇ ਉਹਨਾਂ ਦੀ ਟੀਮ ਤੋਂ ਖੁਸ਼ੀ ਦੇ ਹੰਝੂਆਂ ਦੀ ਉਮੀਦ ਹੈ ਕਿਉਂਕਿ ਮਹਿਲਾ ਹਾਕੀ ਟੀਮ ਮੇਡਲ ਜਿੱਤਣ ਦੇ ਬਹੁਤ ਕਰੀਬ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Hockey, Poverty, Tokyo Olympics 2021, Women