ਫੀਫਾ ਵਿਸ਼ਵ ਕੱਪ ਦੇ ਤੀਜੇ ਦਿਨ ਵੱਡੇ ਉਤਰਾਅ-ਚੜ੍ਹਾਅ ਦੇਖਣ ਮਿਲੇ ਹਨ। ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਅਰਜਨਟੀਨਾ ਦੀ ਟੀਮ ਨੂੰ ਵਿਸ਼ਵ ਦੀ 49ਵੇਂ ਨੰਬਰ ਦੀ ਟੀਮ ਸਾਊਦੀ ਅਰਬ ਨੇ 2-1 ਨਾਲ ਹਰਾ ਦਿੱਤਾ ਹੈ। ਇਸ ਹਾਰ ਨਾਲ ਅਰਜਨਟੀਨਾ ਲਈ ਅੱਗੇ ਦਾ ਰਾਹ ਹੋਰ ਮੁਸ਼ਕਲ ਹੋ ਗਿਆ ਹੈ। ਹੁਣ ਅਰਜਨਟੀਨਾ ਕੋਲ 27 ਨਵੰਬਰ ਨੂੰ ਮੈਕਸੀਕੋ ਅਤੇ 30 ਨਵੰਬਰ ਨੂੰ ਪੋਲੈਂਡ ਦੇ ਨਾਲ ਮੁਕਾਬਲਾ ਹੋਣਾ ਹੈ।ਤੁਹਾਨੂੰ ਦਸ ਦਈਏ ਕਿ ਇਸ ਹਾਰ ਨਾਲ ਅਰਜਨਟੀਨਾ ਦੀ ਟੀਮ ਗਰੁੱਪ ਸੀ 'ਚ ਆਖਰੀ ਸਥਾਨ 'ਤੇ ਪੁੱਜ ਗਈ ਹੈ।
ਅਰਜਨਟੀਨਾ ਦੀ ਟੀਮ ਦੇ ਕਪਤਾਨ ਲਿਓਨਲ ਮੇਸੀ ਦੇ ਵੱਲੋਂ 10ਵੇਂ ਮਿੰਟ 'ਚ ਗੋਲ ਕਰਨ ਦੇ ਬਾਵਜੂਦ ਵੀ ਟੀਮ ਮੈਚ ਨਹੀਂ ਜਿੱਤ ਸਕੀ। ਸਾਊਦੀ ਅਰਬ ਲਈ ਸਾਲੇਹ ਅਲਸੇਹਰੀ ਨੇ 48ਵੇਂ ਮਿੰਟ ਅਤੇ ਸਲੇਮ ਅਲਦਵਾਸਰੀ ਨੇ 53ਵੇਂ ਮਿੰਟ ਵਿੱਚ ਗੋਲ ਕੀਤੇ। ਇਸ ਤੋਂ ਬਾਅਦ ਦੋਵਾਂ ਟੀਮਾਂ ਵਿੱਚੋਂ ਕੋਈ ਵੀ ਗੋਲ ਨਹੀਂ ਕਰ ਸਕਿਆ।
ਹਾਲਾਂਕਿ ਮੈਚ ਦੇ ਆਖਰੀ ਕੁਝ ਮਿੰਟਾਂ 'ਚ ਸਾਊਦੀ ਅਰਬ ਦੇ ਗੋਲਕੀਪਰ ਐੱਮ ਅਲ ਓਵੈਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਬਚਾਅ ਕੀਤੇ। ਅਰਜਨਟੀਨਾ ਨੇ ਪਹਿਲੇ ਕੁਝ ਮਿੰਟਾਂ ਵਿੱਚ ਤਿੰਨ ਗੋਲ ਕੀਤੇ ਸਨ ਪਰ ਸਾਰੇ ਆਫਸਾਈਡ ਹੋ ਗਏ।ਇਸ ਹਾਰ ਨਾਲ ਅਰਜਨਟੀਨਾ ਦੀ ਲਗਾਤਾਰ 36 ਮੈਚਾਂ ਦੀ ਜਿੱਤ ਦਾ ਸਿਲਸਿਲਾ ਟੁੱਟ ਗਿਆ ਹੈ।
1974 ਤੋਂ ਬਾਅਦ ਪਹਿਲੀ ਵਾਰ ਅਰਜਨਟੀਨਾ ਨੇ ਆਪਣੇ ਸ਼ੁਰੂਆਤੀ ਮੈਚ ਵਿੱਚ ਦੋ ਗੋਲ ਕੀਤੇ। ਫਿਰ ਉਸ ਨੂੰ ਪੋਲੈਂਡ ਖਿਲਾਫ 2-3 ਨਾਲ ਹਾਰ ਮਿਲੀ ਸੀ। ਸਾਊਦੀ ਅਰਬ ਦੀ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਇਹ ਸਿਰਫ਼ ਤੀਜੀ ਜਿੱਤ ਸੀ। ਅਰਜਨਟੀਨਾ ਨੂੰ ਪ੍ਰੀ-ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰਨ ਲਈ ਹੁਣ ਆਪਣੇ ਬਾਕੀ ਦੋ ਮੈਚ ਜਿੱਤਣੇ ਹੀ ਪੈਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Argentina, Beat, FIFA, FIFA World Cup, Saudi Arab, Saudi Arabia