ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਕੋਚਾਂ 'ਤੇ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਮੁੱਦੇ 'ਤੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਪਹਿਲਵਾਨਾਂ ਦੀ ਬੈਠਕ ਘੰਟਿਆਂ ਤੱਕ ਚੱਲਦੀ ਰਹੀ। ਇਹ ਮੀਟਿੰਗ ਸ਼ੁੱਕਰਵਾਰ ਤੜਕੇ ਬਿਨਾਂ ਕਿਸੇ ਫੈਸਲੇ ਦੇ ਖਤਮ ਹੋ ਗਈ। ਸੂਤਰਾਂ ਅਨੁਸਾਰ ਇਹ ਮੀਟਿੰਗ ਬੇਨਤੀਜਾ ਰਹੀ ਪਰ ਕਈ ਅਜਿਹੇ ਨੁਕਤੇ ਸਨ, ਜਿਨ੍ਹਾਂ 'ਤੇ ਚਰਚਾ ਨਹੀਂ ਹੋ ਸਕੀ। ਇਸੇ ਲਈ ਅੱਜ ਸਵੇਰੇ ਖੇਡ ਮੰਤਰੀ ਦੀ ਰਿਹਾਇਸ਼ ’ਤੇ ਇਹ ਮੀਟਿੰਗ ਜਾਰੀ ਰਹੇਗੀ।
ਪਹਿਲਵਾਨਾਂ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ-ਡਬਲਯੂਐੱਫਆਈ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਸਮੇਤ ਕਈ ਕੋਚਾਂ 'ਤੇ ਜਿਨਸੀ ਸ਼ੋਸ਼ਣ ਅਤੇ ਉਤਪੀੜਨ ਦੇ ਦੋਸ਼ ਲਾਏ ਹਨ। ਪਹਿਲਵਾਨ ਉਸਦੇ ਅਸਤੀਫੇ ਅਤੇ ਉਸਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ। ਜਦਕਿ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਭਰੋਸਾ ਦਿੱਤਾ ਹੈ ਕਿ ਇਸ ਮੁੱਦੇ ਨੂੰ ਜਲਦੀ ਹੱਲ ਕਰ ਲਿਆ ਜਾਵੇਗਾ।
ਪਹਿਲਵਾਨ ਸਾਕਸ਼ੀ ਮਲਿਕ, ਬਜਰੰਗ ਪੂਨੀਆ, ਵਿਨੇਸ਼ ਫੋਗਾਟ, ਰਵੀ ਦਹੀਆ ਅਤੇ ਹੋਰ ਪਹਿਲਵਾਨਾਂ ਨੇ ਅਨੁਰਾਗ ਠਾਕੁਰ ਨਾਲ ਤਿੰਨ ਘੰਟੇ ਤੱਕ ਮੁਲਾਕਾਤ ਕਰਨ ਤੋਂ ਬਾਅਦ ਉਨ੍ਹਾਂ ਦੇ ਘਰ ਛੱਡ ਦਿੱਤਾ। ਉਨ੍ਹਾਂ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਵਿਰੁੱਧ ਆਪਣੇ ਦੋਸ਼ਾਂ ਨੂੰ ਲੈ ਕੇ ਮੰਤਰੀ ਨਾਲ ਮੁਲਾਕਾਤ ਕੀਤੀ। ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਸਮੇਤ ਕਈ ਪਹਿਲਵਾਨਾਂ ਵੱਲੋਂ ਰੈਸਲਿੰਗ ਫੈਡਰੇਸ਼ਨ ਆਫ ਇੰਡੀਆਦੇ ਪ੍ਰਧਾਨ ਅਤੇ ਕੋਚਾਂ 'ਤੇ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲਾਏ ਜਾਣ ਤੋਂ ਬਾਅਦ ਠਾਕੁਰ ਚੰਡੀਗੜ੍ਹ ਤੋਂ ਆਪਣੀ ਦਿੱਲੀ ਸਥਿਤ ਰਿਹਾਇਸ਼ 'ਤੇ ਪਹੁੰਚੇ। ਇਸ ਤੋਂ ਪਹਿਲਾਂ ਦਿਨ 'ਚ ਚੈਂਪੀਅਨ ਪਹਿਲਵਾਨ ਅਤੇ ਭਾਜਪਾ ਨੇਤਾ ਬਬੀਤਾ ਫੋਗਾਟ ਦਿੱਲੀ ਦੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਵਾਲੀ ਥਾਂ 'ਤੇ ਪਹੁੰਚੀ। ਜਿੱਥੇ ਦੂਜੇ ਦਿਨ ਵੀ ਪਹਿਲਵਾਨਾਂ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਮੁਖੀ ਅਤੇ ਹੋਰ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਆਪਣੀ ਹੜਤਾਲ ਜਾਰੀ ਰੱਖੀ।
ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਪਹਿਲਾਂ ਦੋਸ਼ ਲਗਾਇਆ ਸੀ ਕਿ WFI ਕੋਚ ਮਹਿਲਾ ਪਹਿਲਵਾਨਾਂ ਨਾਲ ਦੁਰਵਿਵਹਾਰ ਕਰਦੇ ਹਨ ਅਤੇ ਪਰੇਸ਼ਾਨ ਕਰਦੇ ਹਨ। ਉਨ੍ਹਾਂ ਨੇ ਕੁਸ਼ਤੀ ਫੈਡਰੇਸ਼ਨ ਆਫ ਇੰਡੀਆ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਕੁੜੀਆਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਵੀ ਲਗਾਇਆ ਅਤੇ ਟੋਕੀਓ ਓਲੰਪਿਕ 2020 ਵਿੱਚ ਉਸਦੀ ਹਾਰ ਤੋਂ ਬਾਅਦ ਉਸਨੂੰ 'ਝੂਠਾ ਸਿੱਕਾ' ਕਿਹਾ।
ਓਲੰਪਿਕ 'ਤੇ ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂਆਂ ਸਮੇਤ ਪਹਿਲਵਾਨਾਂ ਦੇ ਵਿਰੋਧ ਦਾ ਨੋਟਿਸ ਲੈਂਦਿਆਂ ਖੇਡ ਮੰਤਰਾਲੇ ਨੇ ਬੁੱਧਵਾਰ ਨੂੰ ਡਬਲਯੂਐੱਫਆਈ ਤੋਂ ਸਪੱਸ਼ਟੀਕਰਨ ਮੰਗਿਆ ਹੈ ਅਤੇ ਅਗਲੇ 72 ਘੰਟਿਆਂ ਦੇ ਅੰਦਰ ਉਨ੍ਹਾਂ ਦੇ ਦੋਸ਼ਾਂ ਦਾ ਜਵਾਬ ਦੇਣ ਦਾ ਨਿਰਦੇਸ਼ ਦਿੱਤਾ ਹੈ। ਮੰਤਰਾਲੇ ਨੇ ਕਿਹਾ ਕਿ ਜੇਕਰ WFI ਅਗਲੇ 72 ਘੰਟਿਆਂ ਦੇ ਅੰਦਰ ਜਵਾਬ ਦੇਣ ਵਿੱਚ ਅਸਫਲ ਰਹਿੰਦਾ ਹੈ, ਤਾਂ ਮੰਤਰਾਲਾ ਰਾਸ਼ਟਰੀ ਖੇਡ ਵਿਕਾਸ ਕੋਡ, 2011 ਦੇ ਉਪਬੰਧਾਂ ਦੇ ਅਨੁਸਾਰ ਫੈਡਰੇਸ਼ਨ ਦੇ ਖਿਲਾਫ ਕਾਰਵਾਈ ਸ਼ੁਰੂ ਕਰੇਗਾ।
ਉੱਥੇ ਹੀ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਸੀ ਕਿ ਕੋਚਾਂ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਉਣ ਵਾਲੇ ਪਹਿਲਵਾਨਾਂ ਨੂੰ ਪਹਿਲਾਂ ਆਪਣੇ ਨਾਂ ਲੈ ਕੇ ਫੈਡਰੇਸ਼ਨ ਕੋਲ ਪਹੁੰਚ ਕਰਨੀ ਚਾਹੀਦੀ ਸੀ। WFI ਪ੍ਰਧਾਨ ਨੇ ਦਾਅਵਾ ਕੀਤਾ ਕਿ 97 ਫੀਸਦੀ ਪਹਿਲਵਾਨ BFI ਦੇ ਨਾਲ ਹਨ ਅਤੇ ਵਿਰੋਧ ਕਰਨ ਵਾਲਿਆਂ 'ਤੇ ਦਬਾਅ ਪਾਇਆ ਗਿਆ ਹੈ। ਉਸਨੇ ਜਿਨਸੀ ਸ਼ੋਸ਼ਣ ਦੀ ਕਿਸੇ ਵੀ ਘਟਨਾ ਤੋਂ ਇਨਕਾਰ ਕੀਤਾ। ਉਨ੍ਹਾਂ ਨੇ ਕਿਹਾ ਕਿ 'ਜਿਨਸੀ ਸ਼ੋਸ਼ਣ ਦੀ ਕੋਈ ਘਟਨਾ ਨਹੀਂ ਹੋਈ ਹੈ। ਜੇਕਰ ਅਜਿਹਾ ਕੁਝ ਹੋਇਆ ਤਾਂ ਮੈਂ ਖੁਦ ਨੂੰ ਫਾਂਸੀ ਲਾ ਲਵਾਂਗਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਜਾਂਚ ਲਈ ਤਿਆਰ ਹਨ। ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਕਿ 'ਜਿਨਸੀ ਸ਼ੋਸ਼ਣ ਇਕ ਵੱਡਾ ਦੋਸ਼ ਹੈ। ਜਦੋਂ ਮੇਰਾ ਨਾਮ ਇਸ ਵਿੱਚ ਖਿੱਚਿਆ ਗਿਆ ਹੈ ਤਾਂ ਮੈਂ ਕਿਵੇਂ ਕੰਮ ਕਰ ਸਕਦਾ ਹਾਂ? ਮੈਂ ਜਾਂਚ ਲਈ ਤਿਆਰ ਹਾਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Anurag Thakur, Protest, Sports