ਰਾਇਲ ਐਨਫੀਲਡ (Royal Enfield) ਆਪਣੇ ਸ਼ਕਤੀਸ਼ਾਲੀ ਬਾਈਕ ਸੈਗਮੈਂਟ ਲਈ ਜਾਣੀ ਜਾਂਦੀ ਹੈ। ਹੁਣ ਕੰਪਨੀ ਨੇ ਇਲੈਕਟ੍ਰਿਕ ਮੋਟਰਸਾਈਕਲਾਂ 'ਤੇ ਆਪਣਾ ਹੱਥ ਅਜ਼ਮਾਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਾਇਲ ਐਨਫੀਲਡ ਜਲਦ ਹੀ ਭਾਰਤ 'ਚ ਆਪਣੀ ਪਹਿਲੀ ਇਲੈਕਟ੍ਰਿਕ ਬਾਈਕ ਲਾਂਚ ਕਰੇਗੀ। ਮੀਡੀਆ ਨਾਲ ਗੱਲ ਕਰਦੇ ਹੋਏ ਰਾਇਲ ਐਨਫੀਲਡ ਦੇ ਸੀਈਓ ਬੀ ਗੋਵਿੰਦਰਾਜਨ ਨੇ ਕਿਹਾ ਕਿ ਕੰਪਨੀ ਆਪਣੀ ਇਲੈਕਟ੍ਰਿਕ ਬਾਈਕ ਲਾਂਚ ਕਰੇਗੀ ਜੋ ਕਿ ਬਾਜ਼ਾਰ 'ਚ ਮੌਜੂਦ ਸਾਰੀਆਂ ਇਲੈਕਟ੍ਰਿਕ ਬਾਈਕਸ ਤੋਂ ਕਾਫੀ ਵੱਖਰੀ ਹੋਵੇਗੀ। ਜਾਣਕਾਰੀ ਮੁਤਾਬਕ ਕੰਪਨੀ ਨੇ ਇਲੈਕਟ੍ਰਿਕ ਬਾਈਕ ਦਾ ਪਹਿਲਾ ਪ੍ਰੋਟੋਟਾਈਪ ਤਿਆਰ ਕਰ ਲਿਆ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜਲਦੀ ਹੀ ਇਲੈਕਟ੍ਰਿਕ ਬਾਈਕ ਦਾ ਟੈਸਟ ਕੀਤਾ ਜਾਵੇਗਾ। ਫਿਲਹਾਲ ਕੰਪਨੀ ਨੇ ਬਾਈਕ ਦੇ ਫੀਚਰਸ, ਕੀਮਤ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਆਪਣੀ ਪਹਿਲੀ EV ਬਾਈਕ 2024 ਦੇ ਮੱਧ ਤੱਕ ਪੇਸ਼ ਕਰੇਗੀ। ਹਾਲ ਹੀ 'ਚ ਪਤਾ ਲੱਗਾ ਹੈ ਕਿ ਕੰਪਨੀ ਨੇ ਆਪਣੀ EV ਬਾਈਕ ਲਈ ਇਨ-ਹਾਊਸ ਕੋਡਨੇਮ 'L1A' ਰੱਖਿਆ ਹੈ।