Deep Sidhu Birthday: ਪੰਜਾਬੀ ਫਿਲਮ ਇੰਡਸਟਰੀ 'ਚ ਆਪਣੀ ਅਦਾਕਾਰੀ ਅਤੇ ਕਿਸਾਨੀ ਅੰਦੋਲਨ ਦਾ ਚਿਹਰਾ ਬਣ ਕੇ ਉੱਭਰੇ ਦੀਪ ਸਿੱਧੂ (Deep Sidhu) ਦੇ ਨਾਮ ਤੋਂ ਹਰ ਕੋਈ ਜਾਣੂ ਹੈ। ਅੱਜ ਇਹ ਕਲਾਕਾਰ ਸਾਡੇ ਵਿਚਕਾਰ ਮੌਜੂਦ ਨਹੀਂ ਹਨ ਪਰ ਉਨ੍ਹਾਂ ਦੀ ਯਾਦ ਦਰਸ਼ਕਾਂ ਦੇ ਦਿਲ ਵਿੱਚ ਹਮੇਸ਼ਾ ਜ਼ਿੰਦਾ ਰਹੇਗੀ। ਦੱਸ ਦੇਈਏ ਕਿ ਅੱਜ ਦੀਪ ਸਿੱਧੂ ਜੇਕਰ ਸਾਡੇ ਵਿੱਚ ਹੁੰਦੇ ਤਾਂ ਆਪਣਾ ਜਨਮਦਿਨ ਮਨਾ ਰਹੇ ਹੁੰਦੇ।
ਦੀਪ ਸਿੱਧੂ ਅਦਾਕਾਰੀ ਦੇ ਨਾਲ-ਨਾਲ ਰਾਜਨੀਤੀ ਵਿੱਚ ਵੀ ਆਪਣਾ ਹੱਥ ਅਜਮਾਉਣ ਦੀ ਤਿਆਰੀ ਵਿੱਚ ਸੀ। ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਕੁੱਝ ਵੀ ਪੂਰਾ ਨਹੀਂ ਹੋ ਸਕਿਆ। ਜ਼ਿਕਰਯੋਗ ਹੈ ਕਿ ਦੀਪ ਸਿੱਧੂ ਦੀ ਮੌਤ ਸਿੰਘੂ ਬਾਰਡਰ ਨੇੜੇ ਰਾਤ ਦੇ ਸਮੇਂ KMP ਤੇ ਸੜਕ ਹਾਦਸੇ ਵਿੱਚ ਹੋ ਗਈ ਸੀ। ਦਿੱਲੀ ਤੋਂ ਪੰਜਾਬ ਆਉਂਦੇ ਵਕਤ ਖੜ੍ਹੇ ਟਰਾਲੇ ਵਿੱਚ ਕਲਾਕਾਰ ਦੀ ਸਕਾਰਪਿਓ ਕਾਰ ਵੱਜੀ ਸੀ। ਉਸ ਦੌਰਾਨ ਮੌਕੇ ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਹਾਲਾਂਕਿ ਇਸ ਹਾਦਸੇ ਵਿੱਚ ਕਲਾਕਾਰ ਦੀ ਗਰਲਫ੍ਰੈਡ ਰੀਨਾ ਰਾਏ ਦੀ ਜਾਨ ਬੱਚ ਗਈ।
ਰਮਤਾ ਜੋਗੀ ਤੋਂ ਆਪਣੀ ਐਕਟਿੰਗ ਦੀ ਸ਼ੁਰੂਆਤ ਕਰਨ ਵਾਲੇ ਦੀਪ ਨੂੰ ਸਾਲ 2016 ਵਿੱਚ ਪੰਜਾਬੀ ਸਿਨੇਮਾ ਵਿੱਚ ਸਰਵੋਤਮ ਪੁਰਸ਼ ਡੈਬਿਊ ਲਈ ਪੀਟੀਸੀ ਪੰਜਾਬੀ ਫਿਲਮ ਅਵਾਰਡ ਮਿਲਿਆ ਸੀ। ਫਿਰ ਉਸਨੇ ਜੋਰਾ 10 ਨੰਬਰੀਆ (2017) ਵਿੱਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ। ਉਸ ਨੇ ਇਸ ਤੋਂ ਬਾਅਦ ਰੰਗ ਪੰਜਾਬ (2018), ਸਾਡੇ ਆਲ਼ੇ (2018), ਦੇਸੀ (2019) ਅਤੇ ਜੋਰਾ: ਦ ਸੈਕਿੰਡ ਚੈਪਟਰ (2020) ਨਾਲ ਕੰਮ ਕੀਤਾ। ਇਸਦੇ ਨਾਲ ਉਨ੍ਹਾਂ ਨੇ ਦੁਨਿਆ ਭਰ ਖੂਬ ਸੁਰਖੀਆਂ ਬਟੋਰਿਆਂ। ਅੱਜ ਭਲੇ ਹੀ ਦੀਪ ਸਿੱਧੂ ਸਾਡੇ ਵਿਚਕਾਰ ਨਹੀਂ ਹਨ ਪਰ ਉਨ੍ਹਾਂ ਦੀ ਕਲਾਕਾਰੀ ਸਾਡੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹੇਗੀ।