ਰਿਤਿਕ ਰੌਸ਼ਨ ਸਟਾਰ ਪੁੱਤਰ ਹਨ। ਰਿਤਿਕ ਦਾ ਲਗਭਗ ਪੂਰਾ ਖ਼ਾਨਦਾਨ ਫ਼ਿਲਮੀ ਦੁਨੀਆ ਨਾਲ ਕਿਸੇ ਨਾ ਕਿਸੇ ਤਰ੍ਹਾਂ ਜੁੜਿਆ ਹੈ। ਰਿਤਿਕ ਦੇ ਦਾਦਾ ਰੌਸ਼ਨ ਬਾਲੀਵੁੱਡ ਦੇ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਯਾਨਿ ਸੰਗੀਤਕਾਰ ਸਨ। ਰਿਤਿਕ ਦੇ ਪਿਤਾ ਰਾਕੇਸ਼ ਰੌਸ਼ਨ 70-80 ਦੇ ਦਹਾਕਿਆਂ ‘ਚ ਪ੍ਰਸਿੱਧ ਕਲਾਕਾਰ ਰਹੇ। ਇਸ ਦੇ ਨਾਲ ਹੀ ਉਹ ਫ਼ਿਲਮ ਨਿਰਮਾਤਾ ਤੇ ਨਿਰਦੇਸ਼ਕ ਵੀ ਹਨ। ਰਿਤਿਕ ਦੇ ਚਾਚਾ ਰਾਜੇਸ਼ ਰੌਸ਼ਨ ਆਪਣੇ ਜ਼ਮਾਨੇ ਦੇ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਰਹੇ ਹਨ।
ਰਿਤਿਕ ਨੂੰ ਬਚਪਨ ‘ਚ ਹਕਲਾਉਣ ਦੀ ਸਮੱਸਿਆ ਸੀ। ਜਿਸ ਦਿਨ ਸਕੂਲ ‘ਚ ਓਰਲ ਐਗਜ਼ਾਮ ਹੁੰਦਾ ਸੀ, ਉਸ ਦਿਨ ਰਿਤਿਕਕ ਬਹਾਨਾ ਬਣਾ ਕੇ ਸਕੂਲ ਨਹੀਂ ਜਾਂਦੇ ਸੀ। ਪਰ ਉਨ੍ਹਾਂ ਨੇ ਠਾਣ ਲਿਆ ਸੀ ਕਿ ਉਹ ਆਪਣੀ ਇਸ ਸਮੱਸਿਆ ਨੂੰ ਆਪਣੇ ਜੀਵਨ ‘ਚ ਰੁਕਾਵਟ ਨਹੀਂ ਬਣਨ ਦੇਣਗੇ। ਉਨ੍ਹਾਂ ਨੇ ਸਪੀਚ ਥੈਰਪੀ ਦੇ ਜ਼ਰੀਏ ਆਪਣੀ ਬੀਮਾਰੀ ‘ਤੇ ਜਿੱਤ ਹਾਸਲ ਕੀਤੀ। ਅੱਜ ਵੀ ਉਹ ਸਪੀਚ ਥੈਰਪੀ ਦਾ ਇਸਤੇਮਾਲ ਕਰਦੇ ਹਨ, ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਨੂੰ ਫ਼ਿਰ ਤੋਂ ਇਹ ਸਮੱਸਿਆ ਨਾ ਹੋ ਜਾਵੇ।
ਰਿਤਿਕ ਨੇ ਆਪਣੇ ਇੱਕ ਇੰਟਰਵਿਊ ‘ਚ ਦੱਸਿਆ ਸੀ ਕਿ ਫ਼ਿਲਮ ਕਹੋ ਨਾ ਪਿਆਰ ਹੈ ਲਈ ਉਹ ਆਪਣੇ ਪਿਤਾ ਰਾਕੇਸ਼ ਰੌਸ਼ਨ ਦੀ ਪਹਿਲੀ ਪਸੰਦ ਨਹੀਂ ਸੀ। ਰਾਕੇਸ਼ ਰੌਸ਼ਨ ਸ਼ਾਹਰੁਖ਼ ਖ਼ਾਨ ਨੂੰ ਲੈਕੇ ਇਹ ਫ਼ਿਲਮ ਬਣਾਉਣਾ ਚਾਹੁੰਦੇ ਸੀ, ਪਰ ਸ਼ਾਹਰੁਖ਼ ਨੂੰ ਇਸ ਫ਼ਿਲਮ ਦੀ ਸਕ੍ਰਿਪਟ ਪਸੰਦ ਨਹੀਂ ਆਈ। ਜਿਸ ਤੋਂ ਬਾਅਦ ਰਿਤਿਕ ਨੂੰ ਇਸ ਫ਼ਿਲਮ ‘ਚ ਕੰਮ ਕਰਨ ਦਾ ਮੌਕਾ ਮਿਲਿਆ। ਜਦੋਂ ਇਹ ਫ਼ਿਲਮ ਰਿਲੀਜ਼ ਹੋਈ ਤਾਂ ਇਸ ਨੇ ਬਾਕਸ ਆਫ਼ਿਸ ‘ਤੇ ਕਈ ਰਿਕਾਰਡ ਤੋੜੇ। 21ਵੀਂ ਸਦੀ ‘ਚ ਲੋਕਾਂ ਨੂੰ ਆਪਣਾ ਨਵਾਂ ਸੁਪਰਸਟਾਰ ਮਿਲ ਚੁੱਕਿਆ ਸੀ।
ਕੀ ਤੁਹਾਨੂੰ ਪਤਾ ਹੈ ਕਿ ਕਹੋ ਨਾ ਪਿਆਰ ਹੈ ਰਿਤਿਕ ਦੇ ਹੀਰੋ ਦੇ ਤੌਰ ‘ਤੇ ਪਹਿਲੀ ਫ਼ਿਲਮ ਸੀ, ਪਰ ਇਹ ਉਨ੍ਹਾਂ ਦੀ ਡੈਬਿਊ ਫ਼ਿਲਮ ਨਹੀਂ ਸੀ। ਉਨ੍ਹਾਂ ਦੀ ਸਭ ਤੋਂ ਪਹਿਲੀ ਫ਼ਿਲਮ 1980 ‘ਜ਼ ਰਿਲੀਜ਼ ਹੋਈ, ਜਿਸ ਵਿੱਚ ਉਨ੍ਹਾਂ ਨੇ ਬਾਲ ਕਲਾਕਾਰ ਵਜੋਂ ਛੋਟਾ ਜਿਹਾ ਕਿਰਦਾਰ ਨਿਭਾਇਆ ਸੀ। ਇਹ ਫ਼ਿਲਮ ਸੀ ਆਸ਼ਾ (1980), ਜਿਸ ਵਿੱਚ ਜਤਿੰਦਰ ਰੀਨਾ ਰੌਏ ਤੇ ਪਰਵੀਨ ਬਾਬੀ ਮੁੱਖ ਕਿਰਦਾਰਾਂ ਵਿੱਚ ਨਜ਼ਰ ਆਏ।
ਬਚਪਨ ਤੋਂ ਹੀ ਰਿਤਿਕ ਰੌਸ਼ਨ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਛੋਟੇ ਹੁੰਦੇ ਉਨ੍ਹਾਂ ਨੂੰ ਹਕਲਾਉਣ ਦੀ ਸਮੱਸਿਆ ਸੀ। ਇਸ ਤੋਂ ਬਾਅਦ 21 ਸਾਲ ਦੀ ਉਮਰ ‘ਚ ਰਿਤਿਕ ਨੂੰ ਅਜਿਹੀ ਭਿਆਨਕ ਬੀਮਾਰੀ ਹੋਈ ਕਿ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਦਾ ਆਕਾਰ ਅੰਗਰੇਜ਼ੀ ਦੇ “ਐੱਸ” ਵਰਗਾ ਹੋਣ ਲੱਗ ਗਿਆ ਸੀ। ਡਾਕਟਰਾਂ ਨੇ ਸਾਫ਼ ਕਹਿ ਦਿਤਾ ਕਿ ਰਿਤਿਕ ਕਦੇ ਹੀਰੋ ਨਹੀਂ ਬਣ ਪਾਉਣਗੇ, ਪਰ ਉਨ੍ਹਾਂ ਦੇ ਮਜ਼ਬੂਤ ਇਰਾਦੇ ਦੇ ਸਾਹਮਣੇ ਆਖ਼ਰ ਇਸ ਬੀਮਾਰੀ ਨੂੰ ਗੋਡੇ ਟੇਕਣੇ ਪਏ।
ਰਿਤਿਕ ਨੇ ਆਪਣੇ ਬਚਪਨ ਦੇ ਪਿਆਰ ਸੁਜ਼ੈਨ ਖ਼ਾਨ ਨਾਲ ਵਿਆਹ ਕੀਤਾ। ਕਿਹਾ ਜਾਂਦਾ ਹੈ ਕਿ 12 ਸਾਲ ਦੀ ਉਮਰ ਤੋਂ ਹੀ ਰਿਤਿਕ ਸੁਜ਼ੈਨ ਦੇ ਪਿਆਰ ‘ਚ ਗ੍ਰਿਫ਼ਤਾਰ ਹੋ ਗਏ ਸੀ। ਦੋਵਾਂ ਦਾ ਵਿਆਹ 2000 ‘ਚ ਹੋਇਆ ਅਤੇ ਨਵੰਬਰ 2014 ਵਿਚ ਦੋਵਾਂ ਦਾ ਤਲਾਕ ਹੋ ਗਿਆ। ਰਿਤਿਕ ਤੇ ਸੁਜ਼ੈਨ ਦਾ ਤਲਾਕ ਬਾਲੀਵੁੱਡ ਦਾ ਸਭ ਤੋਂ ਮਹਿੰਗਾ ਤਲਾਕ ਸੀ। ਸੁਜ਼ੈਨ ਨੂੰ ਤਲਾਕ ਤੋਂ ਬਾਅਦ ਐਲਮਨੀ ਦੇ ਤੌਰ ‘ਤੇ 200 ਕਰੋੜ ਰੁਪਏ ਮਿਲੇ।