Sidhu Moose Wala: ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੀ ਮੌਤ ਨਾਲ ਦੇਸ਼ ਦਾ ਹਰ ਕੋਈ ਇਨਸਾਨ ਸਦਮੇ 'ਚ ਹੈ। ਛੋਟੀ ਉਮਰ ਵਿੱਚ ਹੀ ਉਨ੍ਹਾਂ ਦੁਨੀਆਂ ਭਰ ਵਿੱਚ ਖੂਬ ਨਾਮ ਖੱਟਿਆ। 28 ਸਾਲ ਦੀ ਉਮਰ 'ਚ ਸਿੱਧੂ ਮੂਸੇਵਾਲਾ ਨੇ ਦੇਸ਼ ਅਤੇ ਵਿਦੇਸ਼ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ। ਕਲਾਕਾਰ ਦੀ ਮੌਤ ਦਾ ਸਦਮਾ ਸ਼ਾਇਦ ਹੀ ਕੋਈ ਭੁੱਲ ਸਕੇ। ਮੂਸੇਵਾਲਾ ਦੇ ਕਤਲਕਾਂਡ ਨੇ 80 ਦੇ ਦਹਾਕੇ ਦੇ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਸਮੇਤ ਹੋਰ ਕਈ ਸਿਤਾਰਿਆਂ ਦੀ ਮੌਤ ਦਾ ਜ਼ਖਮ ਤਾਜ਼ਾ ਕਰ ਦਿੱਤਾ।
ਅਮਰ ਸਿੰਘ ਚਮਕੀਲਾ- ਅਮਰਜੋਤ
ਦਰਅਸਲ, ਅਮਰ ਸਿੰਘ ਚਮਕੀਲਾ (Amar Singh Chamkila) 80 ਦੇ ਦਹਾਕੇ ਦਾ ਉੱਭਰਦਾ ਗਾਇਕ ਸੀ। ਉਨ੍ਹਾਂ ਦੇ 'ਜੱਟ ਦੀ ਦੁਸ਼ਮਨੀ' ਅਤੇ 'ਤਲਵਾਰ ਵਿੱਚ ਕਲਗੀਧਰ' ਵਰਗੇ ਗੀਤ ਪ੍ਰਸ਼ੰਸ਼ਕਾਂ ਨੇ ਬੇਹੱਦ ਪਸੰਦ ਕੀਤੇ। 1988 ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਅਤੇ ਉਨ੍ਹਾਂ ਦੀ ਪਤਨੀ ਅਮਰਜੋਤ ਦਾ ਕਤਲ ਕਰ ਦਿੱਤਾ ਗਿਆ ਸੀ। ਚਮਕੀਲਾ ਨੂੰ ਸਿਰਫ਼ 27 ਸਾਲ ਦੀ ਉਮਰ ਵਿੱਚ ਅਪਰਾਧੀਆਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ। (ਸੰਕੇਤਕ ਫੋਟੋ)
ਕਵੀ ਅਵਤਾਰ ਸਿੰਘ ਸੰਧੂ ਉਰਫ਼ ਪਾਸ਼
ਪੰਜਾਬ ਦੇ ਇਨਕਲਾਬੀ ਕਵੀ ਅਵਤਾਰ ਸਿੰਘ ਸੰਧੂ ਉਰਫ਼ ਪਾਸ਼ ਦਾ 37 ਸਾਲ ਦੀ ਉਮਰ ਵਿੱਚ ਕਤਲ ਕਰ ਦਿੱਤਾ ਗਿਆ ਸੀ। 1988 ਵਿੱਚ ਪਾਸ਼ ਨੂੰ ਖਾਲਿਸਤਾਨੀ ਅੱਤਵਾਦੀਆਂ ਨੇ ਜਲੰਧਰ ਦੇ ਪਿੰਡ ਤਲਵੰਡੀ ਸਲੇਮ ਵਿੱਚ ਮਾਰ ਦਿੱਤਾ ਸੀ। 23 ਮਾਰਚ ਨੂੰ, ਜਿਸ ਦਿਨ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ, ਖਾਲਿਸਤਾਨੀ ਅੱਤਵਾਦੀਆਂ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਸੀ। (ਸੰਕੇਤਕ ਫੋਟੋ)
ਅਦਾਕਾਰ ਵਰਿੰਦਰ ਸਿੰਘ
ਪੰਜਾਬੀ ਅਦਾਕਾਰ ਵਰਿੰਦਰ ਸਿੰਘ, ਧਰਮਿੰਦਰ ਦੇ ਚਚੇਰੇ ਭਰਾ ਨੂੰ 1988 ਵਿੱਚ ਲੁਧਿਆਣਾ ਵਿੱਚ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ 40 ਸਾਲ ਦੀ ਉਮਰ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਇਹ 6 ਦਸੰਬਰ 1988 ਦੀ ਗੱਲ ਹੈ। ਉਸ ਦਿਨ ਵਰਿੰਦਰ ਫਿਲਮ 'ਜੱਟ ਤੇ ਜ਼ਮੀਨ' ਦੀ ਸ਼ੂਟਿੰਗ ਕਰ ਰਹੇ ਸਨ। ਫਿਰ ਅਚਾਨਕ ਕਿਸੇ ਨੇ ਉਸ ਨੂੰ ਗੋਲੀਆਂ ਨਾਲ ਛੱਲੀ ਕਰ ਦਿੱਤਾ। ਵਰਿੰਦਰ ਨੂੰ ਕਿਸ ਨੇ ਮਾਰਿਆ ਜਾਂ ਮਰਵਾਇਆ? ਅੱਜ ਤੱਕ ਇਹ ਇੱਕ ਰਹੱਸ ਬਣਿਆ ਹੋਇਆ ਹੈ।