Shah Rukh Khan Birthday: ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ (Shah Rukh Khan) ਅੱਜ ਆਪਣਾ 57ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਸ਼ਾਹਰੁਖ ਖਾਨ ਦੇ ਘਰ 'ਮੰਨਤ' ਦੇ ਬਾਹਰ ਪ੍ਰਸ਼ੰਸਕ ਇਕੱਠੇ ਹੋਏ ਅਤੇ ਸੁਪਰਸਟਾਰ ਨੂੰ ਜਨਮਦਿਨ ਦੀ ਵਧਾਈ ਦਿੱਤੀ। ਸ਼ਾਹਰੁਖ ਬੇਟੇ ਅਬਰਾਮ ਨਾਲ ਪ੍ਰਸ਼ੰਸਕਾਂ ਨੂੰ ਮਿਲਣ ਲਈ ਬਾਹਰ ਆਏ। ਅੱਜ ਅਦਾਕਾਰ ਦੇ ਜਨਮਦਿਨ ਮੌਕੇ ਅਸੀ ਤੁਹਾਨੂੰ ਸ਼ਾਹਰੁਖ ਖਾਨ ਦੇ ਬਚਪਨ ਤੋਂ ਹੁਣ ਤੱਕ ਦੀਆਂ ਖਾਸ ਤਸਵੀਰਾਂ ਦਿਖਾਉਣ ਜਾ ਰਹੇ ਹਾਂ।
ਸ਼ਾਹਰੁਖ ਖਾਨ ਅਜਿਹੇ ਸਿਤਾਰੇ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸੰਘਰਸ਼ ਕੀਤਾ ਹੈ। ਜਦੋਂ ਅਦਾਕਾਰ 15 ਸਾਲ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਉਸ ਤੋਂ ਬਾਅਦ ਉਨ੍ਹਾਂ ਨੂੰ ਕਾਫੀ ਮੁਸ਼ਕਿਲ ਸਮਾਂ ਦੇਖਣਾ ਪਿਆ। ਪਿਤਾ ਦੇ ਦੇਹਾਂਤ ਤੋਂ ਕੁੱਝ ਸਾਲਾਂ ਬਾਅਦ ਸ਼ਾਹਰੁਖ ਦੀ ਮਾਂ ਦਾ ਵੀ ਦੇਹਾਂਤ ਹੋ ਗਿਆ। ਪਰ ਇਨ੍ਹਾਂ ਸਭ ਗੱਲਾਂ ਨੇ ਸ਼ਾਹਰੁਖ ਨੂੰ ਹੋਰ ਮਜ਼ਬੂਤ ਬਣਾਇਆ। ਉਨ੍ਹਾਂ ਨੇ ਆਪਣਾ ਜ਼ਿੰਦਗੀ ਜੀਉਣ ਦਾ ਸਲੀਕਾ ਨਹੀਂ ਛੱਡਿਆ ਤੇ ਅੱਗੇ ਵਧੇ। ਉਨ੍ਹਾਂ ਨੇ ਆਪਣੀਆਂ ਭੈਣਾ ਦਾ ਸਾਇਆ ਬਣ ਖੂਬ ਮਿਹਨਤ ਕੀਤੀ।
ਸ਼ਾਹਰੁਖ ਨੂੰ ਦਿੱਲੀ `ਚ ਰਹਿੰਦੇ ਹੋਏ ਫੌਜੀ ਸੀਰੀਅਲ ਵਿੱਚ ਕੰਮ ਕਰਨ ਦਾ ਆਫ਼ਰ ਮਿਲਿਆ। ਹਾਲਾਂਕਿ ਉਸ ਸਮੇਂ ਰੋਮਾਂਸ ਕਿੰਗ ਨੂੰ ਪੈਸੇ ਦੀ ਜ਼ਰੂਰਤ ਸੀ। ਜਿਸਦੇ ਚੱਲਦੇ ਉਨ੍ਹਾਂ ਨੇ ਇਹ ਆਫਰ ਸਵਿਕਾਰ ਕਰ ਲਈ। ਇਸ ਸੀਰੀਅਲ `ਚ ਉਹ ਕੈਪਟਨ ਅਭਿਮੰਨਿਊ ਦੇ ਕਿਰਦਾਰ ਵਿੱਚ ਨਜ਼ਰ ਆਏ ਸੀ। ਇਸ ਤੋਂ ਬਾਅਦ ਸ਼ਾਹਰੁਖ ਸਰਕਸ ਸੀਰੀਅਲ `ਚ ਅਹਿਮ ਭੂਮਿਕਾ ਵਿੱਚ ਦਿਖੇ। ਉਨ੍ਹਾਂ ਦੀ ਅਦਾਕਾਰੀ ਨੇ ਪ੍ਰਸ਼ੰਸ਼ਕਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ। ਦੋਵਾਂ ਸੀਰੀਅਲ ਵਿੱਚ ਨਾਮ ਕਮਾਉਣ ਤੋਂ ਬਾਅਦ ਅਦਾਕਾਰ ਮੁੰਬਈ ਪਹੁੰਚੇ।
ਸ਼ਾਹਰੁਖ ਨੂੰ ਮੁੰਬਈ `ਚ ਸਖਤ ਸੰਘਰਸ਼ ਕਰਨਾ ਪਿਆ। ਜਿਸ ਤੋਂ ਬਾਅਦ ਉਨ੍ਹਾਂ ਦੀ ਕਿਸਮਤ ਖੁੱਲ੍ਹੀ। ਸ਼ਾਹਰੁਖ ਨੂੰ ਫ਼ਿਲਮ `ਦੀਵਾਨਾ` `ਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਫ਼ਿਲਮ `ਚ ਰਿਸ਼ੀ ਕਪੂਰ ਅਤੇ ਦਿਵਯਾ ਭਾਰਤੀ ਵੀ ਅਹਿਮ ਭੂਮਿਕਾ ਵਿੱਚ ਸੀ। ਪਰ ਉਨ੍ਹਾਂ ਨੂੰ ਇਹ ਕਿਰਦਾਰ ਨਿਭਾਉਣ ਦਾ ਮੌਕਾ ਉਸ ਸਮੇਂ ਮਿਲਿਆ ਜਦੋਂ ਬਾਲੀਵੁੱਡ ਦੇ ਕਈ ਸਟਾਰ ਇਸ ਤੋਂ ਇਨਕਾਰ ਕਰ ਚੁੱਕੇ ਸੀ। ਪਰ ਇਸ ਇੱਕ ਮੌਕੇ ਨੇ ਸ਼ਾਹਰੁਖ ਨੂੰ ਦੁਨੀਆ ਭਰ ਵਿੱਚ ਸਟਾਰ ਬਣਾ ਦਿੱਤਾ।