ਤੇਲਗੂ ਅਦਾਕਾਰ ਅਤੇ ਰਾਜਨੇਤਾ ਨੰਦਮੁਰੀ ਤਾਰਕ ਰਤਨ ਦਾ 18 ਫਰਵਰੀ ਨੂੰ ਦਿਹਾਂਤ ਹੋ ਗਿਆ ਸੀ। ਖਬਰਾਂ ਮੁਤਾਬਕ ਉਹ ਇਕ ਸਿਆਸੀ ਰੈਲੀ 'ਚ ਸ਼ਾਮਲ ਹੋਏ ਸਨ ਅਤੇ ਇਸ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਹ ਉਥੇ ਹੀ ਡਿੱਗ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਨੰਦਮੁਰੀ ਤਾਰਕ ਦਾ ਸੰਸਕਾਰ 20 ਫਰਵਰੀ ਨੂੰ ਕੀਤਾ ਗਿਆ ਸੀ। ਉਨ੍ਹਾਂ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਖਬਰਾਂ ਦੀ ਮੰਨੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਪਤਨੀ ਆਲਿਆ ਰੈੱਡੀ ਡੂੰਘੇ ਸਦਮੇ 'ਚ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਨੇ ਦੋ ਦਿਨਾਂ ਤੋਂ ਕੁਝ ਨਹੀਂ ਖਾਧਾ ਅਤੇ ਬਿਮਾਰ ਵੀ ਹੋ ਗਈ ਹੈ। ਇਸ ਦੇ ਨਾਲ ਹੀ ਸਾਊਥ ਦੇ ਸੁਪਰਸਟਾਰ ਜੂਨੀਅਰ ਐਨਟੀਆਰ ਵੀ ਆਪਣੇ ਭਰਾ ਦੀ ਮੌਤ ਤੋਂ ਬਾਅਦ ਬੁਰੀ ਤਰ੍ਹਾਂ ਟੁੱਟ ਗਏ ਹਨ। ਉਸਨੇ ਨਮ ਅੱਖਾਂ ਨਾਲ ਤਾਰਕ ਨੂੰ ਅਲਵਿਦਾ ਕਹਿ ਦਿੱਤੀ। ਅੰਤਿਮ ਦਰਸ਼ਨਾਂ ਲਈ ਪਹੁੰਚੇ ਅਦਾਕਾਰ ਬੇਹੱਦ ਭਾਵੁਕ ਅਤੇ ਅੰਦਰੋਂ ਟੁੱਟੇ ਨਜ਼ਰ ਆਏ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਭਾਵੁਕ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਜੂਨੀਅਰ ਐਨਟੀਆਰ ਦੀ ਪਤਨੀ ਅਤੇ ਕਲਿਆਣ ਰਾਮ ਵੀ ਤਾਰਕ ਰਤਨ ਦੇ ਅੰਤਿਮ ਦਰਸ਼ਨਾਂ ਲਈ ਪੁੱਜੇ ਸਨ। ਇਸ ਦੌਰਾਨ ਸਾਰਿਆਂ ਦੀਆਂ ਅੱਖਾਂ ਨਮ ਹੁੰਦੀਆਂ ਹਨ। ਤਾਰਕ ਦੀ ਛੋਟੀ ਉਮਰ ਵਿੱਚ ਹੀ ਦਿਹਾਂਤ ਹੋ ਜਾਣ ਕਾਰਨ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ ਹੈ। ਹਰ ਕੋਈ ਅੰਦਰੋਂ ਟੁੱਟਿਆ ਹੋਇਆ ਹੈ। ਜੂਨੀਅਰ ਐਨਟੀਆਰ ਦੇ ਭਰਾ ਦੇ ਦੇਹਾਂਤ 'ਤੇ ਸਾਊਥ ਇੰਡਸਟਰੀ 'ਚ ਸੋਗ ਦੀ ਲਹਿਰ ਹੈ। ਇੱਥੋਂ ਤੱਕ ਕਿ ਚਿਰੰਜੀਵੀ, ਅੱਲੂ ਅਰਜੁਨ ਅਤੇ ਮਹੇਸ਼ ਬਾਬੂ ਨੇ ਉਨ੍ਹਾਂ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਵੀ ਉਨ੍ਹਾਂ ਦੀ ਮੌਤ 'ਤੇ ਸੋਗ ਜਤਾਇਆ ਹੈ। ਤਾਰਕ ਨਾ ਸਿਰਫ ਫਿਲਮਾਂ ਵਿੱਚ ਸਗੋਂ ਰਾਜਨੀਤੀ ਵਿੱਚ ਵੀ ਬਹੁਤ ਸਰਗਰਮ ਸਨ। ਉਨ੍ਹਾਂ ਨੇ 2002 'ਚ 'ਓਕਾਟੋ ਨੰਬਰ ਕੁਰੜੂ' ਨਾਲ ਫਿਲਮਾਂ 'ਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ।