ਅਫਗਾਨਿਸਤਾਨ 'ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨੇ ਜਦੋਂ ਸਰਕਾਰ ਬਣਾਈ ਤਾਂ ਬਹੁਤ ਸਾਰੇ ਵਾਅਦੇ ਕੀਤੇ ਗਏ ਸਨ। ਤਾਲਿਬਾਨ ਨੇ ਦਾਅਵਾ ਕੀਤਾ ਸੀ ਕਿ ਉਹ ਹੁਣ ਪਹਿਲਾਂ ਵਰਗੀ ਬੇਰਹਿਮੀ ਨਹੀਂ ਦਿਖਾਵੇਗਾ। ਪਰ ਅਸਲੀਅਤ ਕੁਝ ਹੋਰ ਹੈ। ਤਾਜ਼ਾ ਘਟਨਾਵਾਂ ਦਰਸਾਉਂਦੀਆਂ ਹਨ ਕਿ ਤਾਲਿਬਾਨ ਬਿਲਕੁਲ ਵੀ ਨਹੀਂ ਬਦਲਿਆ, ਉਹ ਪਹਿਲਾਂ ਨਾਲੋਂ ਵਧੇਰੇ ਵਹਿਸ਼ੀ ਬਣ ਗਿਆ ਹੈ। ਤਾਲਿਬਾਨ ਨੇ ਚੋਰੀ ਦੇ ਦੋਸ਼ ਵਿੱਚ ਤਿੰਨ ਲੋਕਾਂ ਨੂੰ ਗੋਲੀ ਮਾਰ ਦਿੱਤੀ, ਫਿਰ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਲਈ ਲਾਸ਼ਾਂ ਨੂੰ ਸੜਕ ਉਤੇ ਕਰੇਨ ਨਾਲ ਲਟਕਾਈ ਰੱਖਿਆ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਡੇਲੀ ਮੇਲ ਦੀ ਰਿਪੋਰਟ ਅਨੁਸਾਰ ਤਾਲਿਬਾਨ ਨੇ ਚੋਰੀ ਦੇ ਦੋਸ਼ਾਂ ਵਿੱਚ ਤਿੰਨ ਅਫਗਾਨੀਆਂ ਨੂੰ ਅਜਿਹੀ ਸਜ਼ਾ ਦਿੱਤੀ ਸੀ। ਦਾਅਵਾ ਕੀਤਾ ਗਿਆ ਸੀ ਕਿ ਇਨ੍ਹਾਂ ਲੋਕਾਂ ਨੂੰ ਹੇਰਾਤ ਪ੍ਰਾਂਤ ਵਿੱਚ ਅਗਵਾ ਕਰ ਲਿਆ ਗਿਆ ਅਤੇ ਫਿਰ ਗੋਲੀ ਮਾਰ ਦਿੱਤੀ ਗਈ। ਫਿਰ 5 ਅਕਤੂਬਰ ਨੂੰ ਤਾਲਿਬਾਨ ਨੇ ਤਿੰਨਾਂ ਲਾਸ਼ਾਂ ਨੂੰ ਕਰੇਨ ਨਾਲ ਲਟਕਾ ਦਿੱਤਾ।