ਫਰਾਂਸ ਦੇ ਮਸ਼ਹੂਰ ਚਿੱਤਰਕਾਰ ਕਲਾਡ ਮੋਨੇਟ ਦੀ ਪੇਂਟਿੰਗ 'ਮਿਊਲਸ' ਇੱਥੇ ਇਕ ਨਿਲਾਮੀ 'ਚ ਰਿਕਾਰਡ 11 ਕਰੋੜ ਡਾਲਰ (ਕਰੀਬ 770 ਕਰੋੜ ਰੁਪਏ) 'ਚ ਵਿਕੀ, ਮੋਨੇਟ ਨੇ ਇਸਨੂੰ 1890-91 'ਚ ਬਣਾਇਆ ਸੀ। ਇਹ ਪੇਂਟਿੰਗ ਉਨ੍ਹਾਂ ਦੇ 'ਹੇਅਸਟੈਕਸ' ਸੀਰੀਜ਼ ਦਾ ਹਿੱਸਾ ਸੀ। ਇਸ ਲੜੀ ਦੀਆਂ 25 ਪੇਂਟਿੰਗਾਂ 'ਚ ਉਨ੍ਹਾਂ ਨੇ ਘਾਹ ਦੇ ਢੇਰ ਨੂੰ ਅਲੱਗ ਮੌਸਮ ਅਤੇ ਦਿਨ ਦੇ ਵੱਖ-ਵੱਖ ਸਮੇਂ 'ਚ ਦਿਖਾਇਆ ਹੈ। ਇਨ੍ਹਾਂ 'ਚੋਂ 17 ਪੇਂਟਿੰਗਾਂ ਨਿਊਯਾਰਕ ਸਥਿਤ ਮੈਟਰੋਪੋਲਿਟਨ ਮਿਊਜ਼ੀਅਮ, ਸ਼ਿਕਾਗੋ ਦੇ ਆਰਟ ਇੰਸਟੀਚਿਊਟ ਅਤੇ ਪੈਰਿਸ ਦੇ ਆਰਸੇ ਮਿਊਜ਼ੀਅਮ ਸਮੇਤ ਕਈ ਮਸ਼ਹੂਰ ਸੰਸਥਾਵਾਂ ਕੋਲ ਹਨ। 'ਮਿਊਲਸ' ਪੇਂਟਿੰਗ ਪਹਿਲਾਂ ਸਿਕਾਗੋ ਦੇ ਇਕ ਰਈਸ ਪਰਿਵਾਰ ਦੇ ਕੋਲ ਸੀ, ਜਿਸਨੇ 1890 ਦੇ ਕਰੀਬ ਇਸਨੂੰ ਮੋਨੇਟ ਦੇ ਨੁਮਾਇੰਦੇ ਤੋਂ ਖਰੀਦਿਆ ਸੀ। ਨਿਲਾਮੀ ਘਰ ਸੂਦਬੀ ਦੇ ਮਾਹਿਰਾਂ ਨੇ ਇਸ ਪੇਂਟਿੰਗ ਦੇ 5.5 ਕਰੋੜ ਡਾਲਰ 'ਚ ਵਿਕਣ ਦਾ ਅਨੁਮਾਨ ਲਗਾਇਆ ਸੀ। ਪਰ ਨਿਲਾਮੀ ਸ਼ੁਰੂ ਹੋਣ ਦੇ ਕੁਝ ਸੈਕੰਡ 'ਚ ਹੀ ਇਹ ਅੰਕੜਾ ਪਾਰ ਹੋ ਗਿਆ। ਅੱਠ ਮਿੰਟ ਤਕ ਲੱਗੀ ਬੋਲੀ ਦੇ ਬਾਅਦ ਇਹ ਪੇਂਟਿੰਗ 11 ਕਰੋੜ ਡਾਲਰ 'ਚ ਵਿਕੀ। ਮੋਨੇਟ ਦੀ ਕਿਸੇ ਵੀ ਪੇਂਟਿੰਗ ਲਈ ਇਹ ਸਭ ਤੋਂ ਵੱਡੀ ਰਕਮ ਹੈ।