ਪਾਕਿਸਤਾਨ ਦੇ ਜ਼ਿਲ੍ਹਾ ਜਿਹਲਮ ਦੀ ਤਹਿਸੀਲ ਦੀਨਾ ਵਿਚਲੇ ਇਤਿਹਾਸਕ ਰੋਹਤਾਸ ਕਿਲ੍ਹੇ ਦੇ ਅੰਦਰ ਸਥਾਪਿਤ ਦੇਸ਼ ਦੀ ਵੰਡ ਦੇ ਬਾਅਦ ਤੋਂ ਬੰਦ ਪਏ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਾ ਚੋਆ ਸਾਹਿਬ ਨੂੰ ਸੰਗਤ ਦੇ ਦਰਸ਼ਨਾਂ ਲਈ ਖੋਲ੍ਹ ਦਿੱਤਾ ਗਿਆ। ਇਸ ਦਾ ਉਦਘਾਟਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਡਾ. ਆਮਿਰ ਅਹਿਮਦ ਨੇ ਕੀਤਾ। ਗੁਰਦੁਆਰਾ ਸਾਹਿਬ ਵਿਖੇ ਸੁਖਮਣੀ ਸਾਹਿਬ ਦੇ ਪਾਠ ਉਪਰੰਤ ਲਾਹੌਰ ਦੀ ਚੂਨਾ ਮੰਡੀ ਸਥਿਤ ਗੁਰਦੁਆਰਾ ਪ੍ਰਕਾਸ਼ ਅਸਥਾਨ ਗੁਰੂ ਰਾਮਦਾਸ ਜੀ ਦੇ ਮੁੱਖ ਗ੍ਰੰਥੀ ਭਾਈ ਰਣਜੀਤ ਸਿੰਘ ਵਲੋਂ ਸ਼ੁਕਰਾਨਾ ਅਰਦਾਸ ਕੀਤੀ ਗਈ। ਉਪਰੰਤ ਚੇਅਰਮੈਨ ਡਾ. ਆਮਿਰ ਅਹਿਮਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਨਿਰਦੇਸ਼ਾਂ ਹੇਠ ਪਾਕਿ 'ਚ ਘੱਟ-ਗਿਣਤੀ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਸਨਮਾਨ ਦਿੰਦਿਆਂ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਜਲਦ ਹੋਰ ਵੀ ਗੁਰਦੁਆਰੇ ਖੋਲ੍ਹੇ ਜਾਣਗੇ। ਉਨ੍ਹਾਂ ਦੇ ਪੁਰਾਣੇ ਇਤਿਹਾਸਕ ਢਾਂਚਿਆਂ ਨਾਲ ਬਿਨਾਂ ਕੋਈ ਛੇੜਛਾੜ ਕੀਤੇ ਪੁਰਾਤਤਵ ਵਿਭਾਗ ਦੇ ਮਾਹਰਾਂ ਦੀ ਦੇਖ-ਰੇਖ 'ਚ ਉਨ੍ਹਾਂ ਦੀ ਮੁਰੰਮਤ ਵੀ ਕਰਵਾਈ ਜਾਵੇਗੀ।