ਕੈਨੇਡੀਅਨ ਸੂਬੇ ਕਿਊਬੇਕ ਵਿਚ ‘ਬਿੱਲ 21’ ਨਾਂ ਦਾ ਇਕ ਮਸੌਦਾ ਪਾਸ ਕੀਤਾ ਹੈ ਜਿਸ ਦੇ ਤਹਿਤ ਕੋਈ ਸਿੱਖ ਸਰਕਾਰੀ ਮੁਲਾਜ਼ਮ ਦਸਤਾਰ ਨਹੀਂ ਸਜਾ ਸਕੇਗਾ, ਕੋਈ ਮੁਸਲਿਮ ਔਰਤ ਆਪਣਾ ਹਿਜਾਬ ਨਹੀਂ ਪਾ ਸਕੇਗੀ, ਕੋਈ ਮਸੀਹੀ (ਈਸਾਈ) ਆਪਣੇ ਗਲ਼ੇ ਵਿੱਚ ਸਲੀਬ ਲਟਕਾ ਕੇ ਨਹੀਂ ਜਾ ਸਕੇਗਾ ਤੇ ਇੰਝ ਹੀ ਕੋਈ ਹਿੰਦੂ ਔਰਤ ਆਪਣੇ ਮੱਥੇ ’ਤੇ ਬਿੰਦੀ ਵੀ ਨਹੀਂ ਲਾ ਸਕੇਗੀ. ਉਸੇ ਤਰ੍ਹਾਂ ਪਾਰਸੀ, ਯਹੂਦੀ ਕਿਸੇ ਵੀ ਧਰਮ ਦਾ ਕੋਈ ਵਿਅਕਤੀ ਆਪਣੇ ਧਾਰਮਿਕ ਚਿੰਨ੍ਹ ਦਾ ਪ੍ਰਦਰਸ਼ਨ ਕਰਦਾ ਹੋਇਆ ਆਪਣੀ ਡਿਊਟੀ ਉੱਤੇ ਹਾਜ਼ਰ ਨਹੀਂ ਹੋ ਸਕੇਗਾ ਪ੍ਰਾਪਤ ਜਾਣਕਾਰੀ ਮੁਤਾਬਕ ਇਸ ਬਿੱਲ ਕਾਰਨ ਖ਼ਾਸ ਕਰਕੇ ਸਕੂਲ ਅਧਿਆਪਕ, ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ, ਪੁਲਿਸ ਅਧਿਕਾਰੀ, ਜੱਜ ਤੇ ਹੋਰ ਕਾਨੂੰਨੀ ਅਧਿਕਾਰੀ ਪ੍ਰਭਾਵਿਤ ਹੋਣਗੇ. ਇਸ ਦੌਰਾਨ ਵਰਲਡ ਸਿੱਖ ਆਰਗੇਨਾਇਜ਼ੇਸ਼ਨ ਨੇ ਵੀ ਕਿਊਬੇਕ ਸਰਕਾਰ ਦੇ ਇਸ ਬਿਲ ਨੂੰ ਨੈਤਿਕ ਤੇ ਕਾਨੂੰਨੀ ਦੋਵੇਂ ਤਰ੍ਹਾਂ ਨਾਲ ਗ਼ਲਤ ਅਤੇ ਘੱਟ–ਗਿਣਤੀਆਂ ਲਈ ਬੇਹੱਦ ਖ਼ਤਰਨਾਕ ਕਰਾਰ ਦਿੱਤਾ ਹੈ. ਇਨ੍ਹਾਂ ਸਾਰੇ ਕਾਰਨਾਂ ਕਰਕੇ ਮਾਂਟਰੀਅਲ ਸਮੇਤ ਸਮੁੱਚੇ ਕਿਊਬੇਕ ਸੂਬੇ ’ਚ ਹੀ ਇਸ ਬਿਲ ਦਾ ਜ਼ੋਰਦਾਰ ਵਿਰੋਧ ਸ਼ੁਰੂ ਹੋ ਗਿਆ ਹੈ. ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਤੇ ਵਿਰੋਧੀ ਧਿਰ ਦੇ ਆਗੂ ਐਂਡ੍ਰਿਯੂ ਸਕੀਰ ਤੇ ਜਗਮੀਤ ਸਿੰਘ ਜਿਹੇ ਰਾਸ਼ਟਰੀ ਪੱਧਰ ਦੇ ਆਗੂ ਵੀ ਇਸ ਬਿੱਲ ਦਾ ਸਖ਼ਤ ਵਿਰੋਧ ਕਰ ਚੁੱਕੇ ਹਨ.