ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿਚ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ’ਤੇ ਲਾਈਵ ਫੁਟੇਜ ਦਿਖਾ ਕੇ ਦੋ ਮਸਜਿਦਾਂ ਉੱਤੇ ਕੀਤੇ ਦਹਿਸ਼ਤੀ ਹਮਲੇ ਵਿਚ 50 ਲੋਕਾਂ ਦੀ ਮੌਤ ਹੋ ਗਈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਜ਼ਖਮੀਆਂ ਤੇ ਮ੍ਰਿਤਕਾਂ ਦੇ ਵਾਰਸਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਉਹ ਹਿਜਾਬ ਪਹਿਨ ਕੇ ਪੀੜਤ ਲੋਕਾਂ ਨਾਲ ਦੁੱਖ ਸਾਂਝਾ ਕਰਨ ਪੁੱਜੇ। ਉਨ੍ਹਾਂ ਨੇ ਮੁਸਲਮਾਨ ਭਾਈਚਾਰੇ ਨਾਲ ਇਕਜੁਟਤਾ ਦਾ ਪ੍ਰਗਟਾਵਾ ਕਰਦੇ ਹੋਏ ਆਖਿਆ ਕਿ ਇਹ ਉਹ ਨਿਊਜੀਲੈਂਡ ਨਹੀਂ ਹੈ, ਜਿਸ ਨੂੰ ਲੋਕ ਜਾਣਦੇ ਹਨ। ਉਨ੍ਹਾਂ ਪੀੜਤ ਪਰਿਵਾਰਾਂ ਨੂੰ ਹੌਸਲਾ ਦਿੱਤਾ। ਜੈਸਿੰਡਾ ਆਰਡਨ ਨੇ ਕਿਹਾ ਹੈ ਕਿ ਦੇਸ਼ ਵਿਚ ਬੰਦੂਕ ਲਾਇਸੈਂਸ ਕਾਨੂੰਨ ਨੂੰ ਸਖ਼ਤ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਕ੍ਰਾਈਸਟਚਰਚ ਦੀਆਂ ਮਸਜਿਦਾਂ ’ਤੇ ਹਮਲਾ ਕਰਨ ਵਾਲੇ ਨੇ ਕਾਨੂੰਨੀ ਤੌਰ ’ਤੇ ਪੰਜ ਹਥਿਆਰ ਖਰੀਦੇ ਸਨ, ਜਿਸ ਵਿਚ ਦੋ ਸੈਮੀ-ਆਟੋਮੈਟਿਕ ਰਾਈਫਲਾਂ ਵੀ ਸਨ। ਆਸਟਰੇਲਿਆਈ ਪ੍ਰਧਾਨ ਮੰਤਰੀ ਨੇ ਕਾਤਲ ਨੂੰ ‘ਸੱਜੇ ਪੱਖੀ ਕੱਟੜਵਾਦੀ, ਹਿੰਸਕ ਅਤਿਵਾਦੀ’ ਕਰਾਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ‘ਖੌਫ਼ਨਾਕ ਕਤਲੇਆਮ’ ਦੀ ਨਿਖੇਧੀ ਕੀਤੀ ਹੈ, ਪਰ ਸੱਜੇ ਪੱਖੀ ਕੱਟੜਵਾਦ ਦੇ ਵੱਡੇ ਪੱਧਰ ’ਤੇ ਪਸਾਰ ਤੋਂ ਇਨਕਾਰ ਕੀਤਾ ਹੈ। ਪੁਲਿਸ ਨੇ ਪੂਰੇ ਮੁਲਕ ਵਿਚ ਮੁਸਲਿਮਾਂ ਨੂੰ ਫ਼ਿਲਹਾਲ ਮਸਜਿਦ ਨਾ ਜਾਣ ਦੀ ਚਿਤਾਵਨੀ ਜਾਰੀ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁੱਖ ਦੀ ਘੜੀ ਵਿਚ ਉਹ ਪੀੜਤਾਂ ਦੇ ਨਾਲ ਖੜ੍ਹੇ ਹਨ। ਭਾਈਚਾਰੇ ਦੀ ਸੁਰੱਖਿਆ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾਣਗੇ।