ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਦੂਜੇ ਦਿਨ ਮੀਂਹ ਅਤੇ ਬਰਫ਼ਬਾਰੀ ਜਾਰੀ ਹੈ। ਲਾਹੌਲ ਸਪਿਤੀ 'ਚ ਅਟਲ ਟਨਲ, ਮਨਾਲੀ ਦੇ ਸੋਲਾਂਗ ਨਾਲਾ ਸਮੇਤ ਕਈ ਥਾਵਾਂ 'ਤੇ ਬਰਫਬਾਰੀ ਹੋ ਰਹੀ ਹੈ। ਬਰਫਬਾਰੀ ਕਾਰਨ ਮਨਾਲੀ ਦੇ ਪਲਚਾਨ ਤੋਂ ਅੱਗੇ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਸ਼ਿਮਲਾ ਦੇ ਕੁਫਰੀ ਅਤੇ ਨਾਰਕੰਡਾ 'ਚ ਤਾਜ਼ਾ ਬਰਫਬਾਰੀ ਹੋਈ ਹੈ। ਇੱਥੇ ਉੱਪਰਲੇ ਸ਼ਿਮਲਾ ਨੂੰ ਜਾਣ ਵਾਲੀਆਂ ਸੜਕਾਂ 'ਤੇ ਆਵਾਜਾਈ ਪ੍ਰਭਾਵਿਤ ਹੋਈ ਹੈ। ਸੜਕ ਕਾਫ਼ੀ ਤਿਲਕਣੀ ਹੈ। ਕੁੱਲੂ ਸਮੇਤ ਨੀਵੇਂ ਇਲਾਕਿਆਂ 'ਚ ਲਗਾਤਾਰ ਮੀਂਹ ਪੈ ਰਿਹਾ ਹੈ। ਮੰਡੀ 'ਚ ਪਰਾਸ਼ਰ ਝੀਲ ਦੇ ਆਲੇ-ਦੁਆਲੇ ਤਾਜ਼ਾ ਬਰਫਬਾਰੀ ਹੋਈ ਹੈ। ਕਿੰਨੌਰ ਜ਼ਿਲ੍ਹੇ ‘ਚ ਵੀ ਦੂਜੇ ਦਿਨ ਬਰਫ਼ਬਾਰੀ ਹੋਈ, ਇਥੇ ਛਿਤਕੁਲ, ਸਾਂਗਲਾ ਘਾਟੀ ‘ਚ ਬਰਫ਼ ਦੀ ਚਿੱਟੀ ਵਿਛੀ ਦੇਖੀ ਜਾ ਸਕਦੀ ਹੈ। ਬਰਫ਼ਬਾਰੀ ਕਾਰਨ ਇਥੇ ਆਵਾਜਾਈ ਪ੍ਰਭਾਵਤ ਹੋਈ ਹੈ। ਲਾਹੌਲ ਸਪਿਤੀ ਵਿੱਚ ਸਭ ਤੋਂ ਵੱਧ ਬਰਫ਼ਬਾਰੀ ਹੋਈ ਹੈ। ਇੱਥੇ ਅਟਲ ਸੁਰੰਗ ਦੇ ਕੋਲ ਡੇਢ ਫੁੱਟ ਬਰਫ਼ ਮੋਟੀ ਬਰਫ਼ ਦੀ ਚਾਦਰ ਵਿਛੀ ਹੈ। ਚੰਬਾ ਦੇ ਪੰਗੀ 'ਚ ਡੇਢ ਫੁੱਟ ਦੇ ਕਰੀਬ ਬਰਫਬਾਰੀ ਹੋਈ ਹੈ। ਸਾਰੇ ਉੱਚਾਈ ਵਾਲੇ ਇਲਾਕਿਆਂ `ਤੇ ਬਰਫ਼ ਦੀ ਮੋਟੀ ਪਰਤ ਦੇਖੀ ਜਾ ਸਕਦੀ ਹੈ। ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਵਿੱਚ ਬੁੱਧਵਾਰ ਅਤੇ ਵੀਰਵਾਰ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ। 9 ਜਨਵਰੀ ਤੱਕ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ। ਕਿਨੌਰ ਜ਼ਿਲ੍ਹਾ ਆਫ਼ਤ ਪ੍ਰਬੰਧਨ ਨੇ ਜ਼ਿਲ੍ਹੇ ਵਿੱਚ ਬਰਫ਼ਬਾਰੀ ਕਾਰਨ ਸੜਕ ਬੰਦ ਹੋਣ ਅਤੇ ਪੱਥਰਾਂ ਅਤੇ ਗਲੇਸ਼ੀਅਰਾਂ ਦੇ ਆਉਣ ਦੀ ਸੰਭਾਵਨਾ ਪ੍ਰਗਟਾਈ ਹੈ।