

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਲੋਕ ਸਭਾ ਚੋਣਾਂ 2019 ਵਿੱਚ ਸ਼ਾਨਦਾਰ ਜਿੱਤ ਹਾਸਿਲ ਕਰਨ ਤੋਂ ਬਾਅਦ ਪਾਰਟੀ ਦੇ ਦਿੱਗਜ ਆਗੂ ਲਾਲ ਕ੍ਰਿਸ਼ਨ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਨਾਲ ਮੁਲਾਕਾਤ ਕੀਤੀ।


ਪ੍ਰਧਾਨ ਮੰਤਰੀ ਮੋਦੀ ਪਹਿਲਾਂ ਅਡਵਾਨੀ ਦੇ ਘਰ ਪਹੁੰਚੇ ਤੇ ਪੈਰੀਂ ਹੱਥ ਲਾ ਕੇ ਅਸ਼ੀਰਵਾਦ ਲਿਆ। ਇਹ ਮੁਲਾਕਾਤ 45 ਮਿੰਟ ਚੱਲੀ।


ਕਰੀਬ 45 ਮਿੰਟ ਰੁਕਣ ਤੋਂ ਬਾਅਦ ਮੋਦੀ ਸ਼ਾਹ ਪਾਰਟੀ ਦੇ ਦੂਜੇ ਵੱਡੇ ਆਗੂ ਮੁਰਲੀ ਮਨੋਹਰ ਜੋਸ਼ੀ ਦੇ ਘਰ ਪਹੁੰਚੇ ਤੇ ਜੋਸ਼ੀ ਨੇ ਉਨ੍ਹਾਂ ਨੂੰ ਵੇਖਦੇ ਹੀ ਗੱਲ ਲਾ ਲਿਆ। ਜੋਸ਼ੀ ਨੇ ਜਿੱਤ ਦੀ ਮੁਬਾਰਕਬਾਦ ਵੀ ਦਿੱਤੀ।


ਜੋਸ਼ੀ ਮੋਦੀ ਤੇ ਸ਼ਾਹ ਨੂੰ ਘਰ ਅੰਦਰ ਲੈ ਕੇ ਗਏ ਤੇ ਨਾਸ਼ਤਾ ਵੀ ਕਰਾਇਆ। ਉਨ੍ਹਾਂ ਵਿੱਚ ਕਰੀਬ ਇੱਕ ਘੰਟੇ ਗੱਲ ਬਾਤ ਹੋਈ।


ਅਡਵਾਨੀ ਨਾਲ ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਟਵੀਟ ਵੀ ਕੀਤਾ। ਉਨ੍ਹਾਂ ਲਿਖਿਆ "ਅੱਜ ਅਡਵਾਨੀ ਜੀ ਨਾਲ ਮੁਲਾਕਾਤ ਕੀਤੀ। ਅੱਜ ਜੋ ਪਾਰਟੀ ਨੇ ਜਿੱਤ ਹਾਸਿਲ ਕੀਤੀ ਹੈ ਇਹ ਉਨ੍ਹਾਂ ਵੱਡੇ ਆਗੂਆਂ ਕਰ ਕੇ ਹੈ ਜਿਨ੍ਹਾਂ ਨੇ ਦਸ਼ਕਾਂ ਤੱਕ ਪਾਰਟੀ ਨੂੰ ਖੜਾ ਰੱਖਿਆ।"


ਮੁਰਲੀ ਮਨੋਹਰ ਜੋਸ਼ੀ ਨੂੰ ਮਿਲ ਕੇ ਉਨ੍ਹਾਂ ਲਿਖਿਆ, "ਮੁਰਲੀ ਮਨੋਹਰ ਜੋਸ਼ੀ ਜੀ ਵਿਦਵਾਨ ਤੇ ਬੁੱਧੀਜੀਵੀ ਹਨ। ਭਾਰਤੀ ਸਿੱਖਿਆ ਚ ਸਿਧਾਰ ਲਿਆਉਣ ਲਈ ਉਨ੍ਹਾਂ ਨੇ ਵੱਡਾ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਭਾਜਪਾ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਹੈ ਤੇ ਮੇਰੇ ਵਰਗੇ ਕਈ ਕਾਰਕਰਤਾਵਾਂ ਨੂੰ ਅੱਗੇ ਵਧਾਇਆ ਹੈ। ਅੱਜ ਸਵੇਰੇ ਉਨ੍ਹਾਂ ਨਾਲ ਮੁਲਾਕਾਤ ਹੋਈ।"


ਮੋਦੀ ਨੇ ਅੱਜ ਕੈਬਿਨੇਟ ਦੀ ਬੈਠਕ ਵੀ ਬੁਲਾਈ ਹੈ। ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਅੱਜ ਅਸਤੀਫ਼ਾ ਦੇ ਸਕਦੇ ਹਨ ਜਿਸਤੋਂ ਬਾਅਦ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਉਨ੍ਹਾਂ ਨੂੰ ਫੇਰ ਸਰਕਾਰ ਬਣਾਉਣ ਦਾ ਬੁਲਾਵਾ ਦੇਣਗੇ।


CNN-News18 ਦੀ ਖ਼ਬਰ ਮੁਤਾਬਿਕ ਮੋਦੀ 30 ਮਈ ਨੂੰ ਪ੍ਰਧਾਨ ਮੰਤਰੀ ਵਜੋਂ ਮੁੜ ਸ਼ਪਥ ਲੈ ਸਕਦੇ ਹਨ ਤੇ ਇਸ ਤੋਂ ਪਹਿਲਾਂ ਗੁਜਰਾਤ ਦਾ ਦੌਰਾ ਕਰਨਗੇ। ਮੋਦੀ ਦਾ 28 ਮਈ ਨੂੰ ਵਾਰਾਨਸੀ ਜਾਣ ਦਾ ਵੀ ਪ੍ਰੋਗਰਾਮ ਹੈ।