ਪਿੰਟੂ ਰਾਣਾ ਸੰਘਰਸ਼ ਦੇ ਦਿਨਾਂ ਵਿਚ ਇੱਕ ਪ੍ਰਾਈਵੇਟ ਕੰਪਨੀ ਵਿਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਪਰ ਅੱਜ ਕੱਲ੍ਹ ਪਿੰਟੂ ਰਾਣਾ ਰਾਜਸਥਾਨ ਪੁਲਿਸ ਵਿਚ ਸਬ ਇੰਸਪੈਕਟਰ ਦੇ ਅਹੁਦੇ ਉਤੇ ਜੋਧਪੁਰ ਵਿਚ ਤਾਇਨਾਤ ਹੈ। ਪਿੰਟੂ ਰਾਣਾ ਦੇ ਪਰਿਵਾਰ ਦੀ ਆਰਥਿਕ ਹਾਲਤ ਮਾੜੀ ਹੋਣ ਕਾਰਨ ਉਹ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕਿਆ। ਹਾਲਾਤਾਂ ਕਾਰਨ ਪਿੰਟੂ ਰਾਣਾ ਨੂੰ ਇੱਕ ਪ੍ਰਾਈਵੇਟ ਕੰਪਨੀ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਨਾ ਪਿਆ।
ਪਿੰਟੂ ਭਾਵੇਂ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ ਪਰ ਉਸ ਦਾ ਟੀਚਾ ਬਹੁਤ ਸਪੱਸ਼ਟ ਸੀ। ਟੀਚਾ ਚੰਗੀ ਸਰਕਾਰੀ ਨੌਕਰੀ ਹਾਸਲ ਕਰਨਾ ਸੀ। ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਕਈ ਰੁਕਾਵਟਾਂ ਨੂੰ ਪਾਰ ਕਰਦੇ ਹੋਏ, ਉਸ ਨੇ ਰਾਜਸਥਾਨ ਪੁਲਿਸ ਵਿੱਚ ਸਬ-ਇੰਸਪੈਕਟਰ ਦੀ ਪ੍ਰੀਖਿਆ ਦਿੱਤੀ। ਉਸ ਵਿੱਚ ਪਿੰਟੂ ਰਾਣਾ ਨੇ ਸਫਲ ਉਮੀਦਵਾਰਾਂ ਦੀ ਸੂਚੀ ਵਿੱਚ 33ਵਾਂ ਰੈਂਕ ਹਾਸਲ ਕੀਤਾ। 14 ਮਹੀਨਿਆਂ ਦੀ ਟ੍ਰੇਨਿੰਗ ਤੋਂ ਬਾਅਦ 2 ਸਤੰਬਰ 2022 ਨੂੰ ਪਾਸਿੰਗ ਆਊਟ ਪਰੇਡ ਵਿੱਚ ਪਿੰਟੂ ਰਾਣਾ ਦੇ ਮੋਢਿਆਂ 'ਤੇ ਸਟਾਰ ਲਗਾਉਣ ਦਾ ਮੌਕਾ ਆਇਆ। ਜਦੋਂ ਪਿਤਾ ਪੂਨਮਾਰਾਮ ਰਾਣਾ ਅਤੇ ਮਾਂ ਸੁਖੀਦੇਵੀ ਨੇ ਐਸਆਈ ਵਜੋਂ ਆਪਣੇ ਪੁੱਤਰ ਦੇ ਮੋਢੇ ’ਤੇ ਦੋ ਸਟਾਰ ਲਗਾਏ ਤਾਂ ਉਹ ਭਾਵੁਕ ਹੋ ਗਏ।
ਪਿੰਟੂ ਰਾਣਾ ਦਾ ਕਹਿਣਾ ਹੈ ਕਿ ਉਸ ਦੀ ਸਫ਼ਲਤਾ ਦੀ ਕਹਾਣੀ ਵਿੱਚ ਉਸ ਦੇ ਪਰਿਵਾਰ ਅਤੇ ਦੋਸਤਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਉਸ ਦੇ ਪਿਤਾ ਪੂਨਮਾਰਾਮ ਕੋਲ ਕੋਈ ਜ਼ਮੀਨ ਨਹੀਂ ਸੀ। ਉਹ ਹੋਰਾਂ ਦੇ ਖੇਤਾਂ ਉਤੇ ਕੰਮ ਕਰਦੇ ਸਨ। ਆਰਥਿਕ ਹਾਲਤ ਕਮਜ਼ੋਰ ਹੋਣ ਕਾਰਨ ਪਿੰਟੂ ਦੇ ਸਾਹਮਣੇ ਪੜ੍ਹਾਈ ਲਈ ਪੈਸੇ ਦਾ ਪ੍ਰਬੰਧ ਕਰਨ ਦਾ ਵੱਡਾ ਸੰਕਟ ਖੜ੍ਹਾ ਹੋ ਗਿਆ ਸੀ। ਤਿੰਨ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਪਿੰਟੂ ਨੇ ਸਰਕਾਰੀ ਸਕੂਲ ਵਿੱਚ ਪੜ੍ਹਣ ਤੋਂ ਬਾਅਦ ਸਾਂਚੌਰ ਦੇ ਇੱਕ ਪ੍ਰਾਈਵੇਟ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ।
ਪਿੰਟੂ ਰਾਣਾ ਨੇ ਸਾਂਚੌਰ ਦੇ ਸਰਕਾਰੀ ਸਕੂਲ ਤੋਂ 12ਵੀਂ ਪਾਸ ਕੀਤੀ ਹੈ। ਇਸ ਤੋਂ ਬਾਅਦ ਸਾਲ 2015 ਵਿੱਚ ਉਥੋਂ ਕਾਲਜ ਦੀ ਪੜ੍ਹਾਈ ਕੀਤੀ। ਫਿਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ। ਆਪਣੀ ਪੜ੍ਹਾਈ ਦੇ ਖਰਚੇ ਨੂੰ ਪੂਰਾ ਕਰਨ ਲਈ ਅਤੇ ਆਪਣੇ ਪਰਿਵਾਰ ਦੀ ਮਦਦ ਲਈ ਪਿੰਟੂ ਰਾਣਾ ਨੇ ਕੰਪਨੀ ਦੇ ਦਫਤਰ ਵਿੱਚ 15,000 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਸੁਰੱਖਿਆ ਗਾਰਡ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਪਿੰਟੂ ਰਾਤ ਨੂੰ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ ਅਤੇ ਦਿਨ ਵੇਲੇ ਲਾਇਬ੍ਰੇਰੀ ਜਾ ਕੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਦਾ ਸੀ। ਪਿੰਟੂ ਦੀਆਂ ਇਨ੍ਹਾਂ ਸੰਘਰਸ਼ ਭਰੀਆਂ ਕੋਸ਼ਿਸ਼ਾਂ ਦਾ ਨਤੀਜਾ ਜਦੋਂ ਸਾਹਮਣੇ ਆਇਆ ਤਾਂ ਹਰ ਕੋਈ ਉਸ ਦੀ ਤਾਰੀਫ਼ ਕਰਨ ਲਈ ਮਜਬੂਰ ਹੋ ਗਿਆ। ਪਿੰਟੂ ਨੇ ਸਾਬਤ ਕਰ ਦਿੱਤਾ ਹੈ ਕਿ ਰੁਕਾਵਟਾਂ ਤੁਹਾਡਾ ਰਾਹ ਜ਼ਰੂਰ ਰੋਕਦੀਆਂ ਹਨ ਪਰ ਤੁਹਾਨੂੰ ਫੜ ਕੇ ਨਹੀਂ ਬੈਠਦੀਆਂ। ਇਹ ਤੁਹਾਡੇ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਰੁਕਾਵਟਾਂ ਦੇ ਸਾਹਮਣੇ ਗੋਢੇ ਟੇਕ ਦਿੰਦੇ ਹੋ ਜਾਂ ਉਨ੍ਹਾਂ ਨੂੰ ਪਾਰ ਕਰਨ ਦੀ ਹਿੰਮਤ ਰੱਖਦੇ ਹੋ।