ਮੰਡੀ: ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ। ਪਹਾੜੀ ਤੋਂ ਮਲਬਾ ਆਉਣ ਕਾਰਨ ਇਹ ਸੜਕ ਬੰਦ ਹੋ ਗਈ ਹੈ। ਹਾਲਾਂਕਿ ਮਲਬੇ ਨੂੰ ਹਟਾਇਆ ਜਾ ਰਿਹਾ ਹੈ ਅਤੇ ਸਵੇਰੇ 10 ਵਜੇ ਤੱਕ ਰਸਤਾ ਬਹਾਲ ਕਰ ਦਿੱਤਾ ਜਾਵੇਗਾ। ਜਾਣਕਾਰੀ ਅਨੁਸਾਰ ਇਹ ਮਲਬਾ ਮੰਡੀ ਦੇ ਪੰਡੋਹ ਤੋਂ ਥੋੜਾ ਅੱਗੇ ਡਿਉਢ ਵਿੱਚ ਪਹਾੜੀ ’ਤੇ ਢਿੱਗਾਂ ਡਿੱਗਣ ਕਾਰਨ ਹਾਈਵੇਅ ’ਤੇ ਆ ਗਿਆ। ਦੇਰ ਰਾਤ ਜਦੋਂ ਮਲਬਾ ਆਇਆ ਤਾਂ ਹਾਈਵੇਅ ਬੰਦ ਕਰ ਦਿੱਤਾ ਗਿਆ। ਇਸ ਵਿਚਕਾਰ ਹਾਈਵੇਅ ਨੂੰ ਖੋਲ੍ਹ ਦਿੱਤਾ ਗਿਆ। ਪਰ ਸਵੇਰੇ ਦੁਬਾਰਾ ਮਲਬਾ ਆਉਣ ਕਾਰਨ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ। ਮੰਡੀ ਦੀ ਐਸਪੀ ਸ਼ਾਲਿਨੀ ਅਗਨੀਹੋਤਰੀ ਨੇ ਦੱਸਿਆ ਕਿ ਮਲਬੇ ਕਾਰਨ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ। ਕਰੀਬ ਦਸ ਵਜੇ ਹਾਈਵੇਅ ਨੂੰ ਬਹਾਲ ਕਰ ਦਿੱਤਾ ਜਾਵੇਗਾ। ਮਲਬਾ ਹਟਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਮਲਬੇ ਦੀ ਲਪੇਟ 'ਚ ਆ ਕੇ ਕੁਝ ਵਾਹਨ ਅਤੇ ਟਰੱਕ ਵੀ ਡਿੱਗ ਗਏ ਪਰ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ। ਕੁੱਲੂ ਅਤੇ ਮਨਾਲੀ ਤੱਕ ਪਹੁੰਚਣ ਲਈ ਸੈਲਾਨੀ ਅਤੇ ਲੋਕ ਕਟੌਲਾ ਰਾਹੀਂ ਬਦਲਵੇਂ ਰਸਤੇ ਰਾਹੀਂ ਵੀ ਜਾ ਸਕਦੇ ਹਨ। ਦੱਸ ਦੇਈਏ ਕਿ ਮੰਗਲਵਾਰ ਨੂੰ ਮੰਡੀ 'ਚ ਭਾਰੀ ਮੀਂਹ ਪਿਆ। ਇੱਥੇ ਮੌਸਮ 27 ਮਈ ਤੱਕ ਖਰਾਬ ਰਹਿਣ ਦੀ ਸੰਭਾਵਨਾ ਹੈ।