ਮੋਗਾ ਵਿੱਚ ਕਿਸਾਨ ਨੇ ਆਪਣੇ ਘਰ ਵਿੱਚ ਕਣਕ ਸਟੋਰ ਕੀਤੀ ਹੈ। ਇਸ ਵਾਰ ਕਣਕ ਦੇ ਰੇਟ ਵੱਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਕਣਕ ਦਾ ਭਾਅ ਚੰਗੇ ਮਿਲਣ ਦੀ ਉਮੀਦ ਨਾਲ ਇੱਕ ਕਿਸਾਨ ਨੇ 15 ਏਕੜ ਕਣਕ ਦੀ ਫ਼ਸਲ ਨੂੰ ਘਰ ਵਿੱਚ ਹੀ ਸੰਭਾਲਿਆ ਹੈ। ਕਿਸਾਨ ਦਾ ਕਹਿਣਾ ਹੈ ਕਿ ਕਣਕ ਸਟੋਰ ਕਰਨ ਦੇ ਦੋ ਕਾਰਨ ਹਨ, ਇੱਕ ਤਾਂ ਝਾੜ ਘੱਟ ਹੋਣਾ ਅਤੇ ਦੂਜਾ ਯੂਕਰੇਨ ਅਤੇ ਰੂਸ ਦੀ ਜੰਗ ਕਾਰਨ ਕਣਕ ਮਹਿੰਗੀ ਹੋਵੇਗੀ ਅਤੇ ਉਨ੍ਹਾਂ ਨੂੰ ਫਾਇਦਾ ਹੋਵੇਗਾ। ਜੇਕਰ ਸਰਕਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਮੋਗਾ ਵਿੱਚ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ 1 ਲੱਖ 54 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਖਰੀਦ ਘਟੀ ਹੈ। ਰੂਸ-ਯੂਕਰੇਨ ਦੀ ਜੰਗ ਕਾਰਨ ਕੌਮਾਂਤਰੀ ਮੰਡੀ ਵਿੱਚ ਕਣਕ ਦੀ ਮੰਗ ਵਧੀ ਹੈ। ਇਸ ਕਾਰਨ ਇਸ ਵਾਰ ਪ੍ਰਾਈਵੇਟ ਵਪਾਰੀਆਂ ਨੇ ਵੀ ਕਣਕ ਦੀ ਖੁੱਲ੍ਹ ਕੇ ਖਰੀਦ ਕੀਤੀ ਹੈ। ਇਸ ਤੋਂ ਇਲਾਵਾ ਇਸ ਵਾਰ ਵੱਧ ਗਰਮੀ ਪੈਣ ਕਾਰਨ ਵੀ ਕਣਕ ਦਾ ਝਾੜ ਘਟਿਆ ਹੈ। ਕਣਕ ਦਾ ਉਤਪਾਦਨ ਵੀ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਹੋਇਆ ਹੈ। ਮੰਡੀਆਂ ਵਿੱਚ ਕਣਕ ਉਮੀਦ ਨਾਲੋਂ ਘੱਟ ਆਈ ਹੈ। ਮਾਰਕੀਟ ਵਿੱਚ ਅਸਥਿਰਤਾ ਫੈਲਣ ਕਾਰਨ ਆਟੇ ਦੇ ਰੇਟ ਵੀ ਵੱਧ ਰਹੇ ਹਨ। ਇਸ ਤੋਂ ਇਲਾਵਾ ਕਣਕ ਤੋਂ ਬਣਨ ਵਾਲੇ ਉਤਪਾਦ ਵੀ ਮਹਿੰਗ ਹੋਏ ਹਨ। ਜਿਵੇਂ ਬਰੈੱਡ, ਰਸ ਅਤੇ ਦਲੀਆ ਆਦਿ।