ਬਰਨਾਲਾ: ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨਾਂ ਦਾ ਰੋਸ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਇਸ ਰੋਸ ਦਾ ਸ਼ਿਕਾਰ ਰਾਜਨੀਤਕ ਲੋਕਾਂ ਨੂੰ ਹੋਣਾ ਪੈ ਰਿਹਾ ਹੈ। ਜਿਸ ਕਰਕੇ ਪਿੰਡਾਂ ਵਿੱਚ ਸਿਆਸੀ ਲੋਕਾਂ ਦੇ ਬਾਈਕਾਟ ਕੀਤੇ ਜਾ ਰਹੇ ਹਨ। ਪਿੰਡ ਚੀਮਾ ਵਿਖੇ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਸਿਆਸੀ ਲੋਕਾਂ ਦੇ ਦਾਖ਼ਲੇ ’ਤੇ ਪਾਬੰਦੀ ਲਗਾਈ ਗਈ ਹੈ। ਜਿਸ ਤਹਿਤ ਅੱਜ ਜਥੇਬੰਦੀ ਦੀ ਅਗਵਾਈ ’ਚ ਪਿੰਡ ਵਾਸੀਆਂ ਨੇ ਬੱਸ ਅੱਡੇ ’ਤੇ ਸਿਆਸੀ ਲੋਕਾਂ ਨੂੰ ਬਾਈਕਾਟ ਦਾ ਬੈਨਰ ਲਗਾ ਕੇ ਚੇਤਾਵਨੀ ਦਿੱਤੀ ਹੈ। ਜਥੇਬੰਦੀ ਦੇ ਬਲਾਕ ਆਗੂ ਬਲਵੰਤ ਸਿੰਘ ਚੀਮਾ ਅਤੇ ਗੁਰਮੀਤ ਸਿੰਘ ਨੰਬਰਦਾਰ ਨੇ ਕਿਹਾ ਕਿ ਖੇਤੀ ਕਾਨੂੰਨ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਅਤੇ ਲੀਡਰ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਖੇਤੀ ਅਤੇ ਕਿਸਾਨੀ ਨਾਲ ਜੁੜੇ ਇਸ ਸੰਵੇਦਨਸ਼ੀਲ ਮੁੱਦੇ ’ਤੇ ਵੀ ਕੋਝੀ ਰਾਜਨੀਤੀ ਕੀਤੀ ਜਾ ਰਹੀ ਹੈ। ਜਿਸ ਕਰਕੇ ਪਿੰਡ ਦੇ ਲੋਕਾਂ ਨੇ ਸਿਆਸੀ ਲੋਕਾਂ ਦੇ ਬਾਈਕਾਟ ਦਾ ਫ਼ੈਸਲਾ ਕੀਤਾ ਹੈ। ਕੋਈ ਵੀ ਸਿਆਸੀ ਪਾਰਟੀ ਦਾ ਨੁਮਾਇੰਦਾ ਪਿੰਡ ’ਚ ਦਾਖ਼ਲ ਹੋਇਆ ਤਾਂ ਉਹ ਆਪਣਾ ਆਪ ਜਿੰਮੇਵਾਰ ਹੋਵੇਗਾ।