ਬਰਨਾਲਾ ਦੇ ਪਿੰਡਾਂ ਵਿੱਚ ਝੋਨੇ ਦੀ ਪਛੇਤੀ ਫ਼ਸਲ ਨੂੰ ਗੜਿਆਂ ਨੇ ਝਾੜ ਕੇ ਰੱਖ ਦਿੱਤਾ ਹੈ। ਜਦੋਂਕਿ ਕੁੱਝ ਦਿਨ ਪਹਿਲਾਂ ਬੀਜੀ ਗਈ ਕਣਕ ਦੀ ਫ਼ਸਲ ਕਰੰਡ ਹੋ ਗਈ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਪੀੜਤ ਕਿਸਾਨ ਗੁਰਵਿੰਦਰ ਸਿੰਘ, ਬਲਜੀਤ ਸਿੰਘ ਅਤੇ ਜੀਵਨ ਸਿੰਘ ਨੇ ਦੱਸਿਆ ਕਿ ਬੀਤੀ ਦਿਨੀਂ ਮੀਂਹ ਦੇ ਨਾਲ ਹੋਈ ਗੜੇਮਾਰੀ ਕਰਕੇ ਉਹਨਾਂ ਦੀ ਖੜ੍ਹੀ ਝੋਨੇ ਅਤੇ ਬਾਸਮਤੀ ਦੀ ਫ਼ਸਲ ਦਾ ਨੁਕਸਾਨ ਹੋ ਗਿਆ।
ਫ਼ਸਲ ਪਛੇਤੀ ਹੋਣ ਕਾਰਨ ਵੱਢਣ ਵਿੱਚ ਦੇਰੀ ਹੋ ਗਈ। ਜਿਸ ਕਰਕੇ ਗੜਿਆਂ ਕਾਰਨ ਫ਼ਸਲ ਧਰਤੀ ’ਤੇ ਝੜ ਗਈ ਅਤੇ ਫ਼ਸਲ ਦਾ 60 ਫ਼ੀਸਦੀ ਨੁਕਸਾਨ ਹੋ ਗਿਆ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਬਰਬਾਦ ਹੋਈ ਫ਼ਸਲ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ। ਉਧਰ ,ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਦਾ ਵੀ ਗੜੇਮਾਰੀ ਨੇ ਨੁਕਸਾਨ ਕੀਤਾ ਹੈ। ਕਿਸਾਨ ਗੁਰਜੀਤ ਸਿੰਘ ਅਤੇ ਹਰਬੰਸ ਸਿੰਘ ਨੇ ਦੱਸਿਆ ਕਿ ਗੜੇ ਪੈਣ ਕਾਰਨ ਕਣਕ ਸਮੇਤ ਸਰੋਂ, ਸਬਜ਼ੀਆਂ ਅਤੇ ਹਰੇ ਚਾਰੇ ਦੀ ਫ਼ਸਲ ਨੂੰ ਨੁਕਸਾਨ ਪੁੱਜਿਆ ਹੈ।
ਜਿਹੜੀ ਕਣਕ ਦੀ ਬਿਜਾਈ ਕੁੱਝ ਦਿਨ ਪਹਿਲਾਂ ਹੋਈ ਹੈ, ਉਹ ਪੂਰੀ ਤਰ੍ਹਾਂ ਗੜਿਆਂ ਨੇ ਖ਼ਤਮ ਕਰ ਦਿੱਤੀ ਹੈ। ਜਿਸ ਕਰਕੇ ਉਹਨਾਂ ਦਾ 4 ਤੋਂ 5 ਹਜ਼ਾਰ ਦਾ ਪ੍ਰਤੀ ਏਕੜ ਨੁਕਸਾਨ ਹੋ ਗਿਆ ਹੈ। ਕਿਉਂਕਿ ਕਣਕ ਦੀ ਬੀਜ਼, ਡੀਏਪੀ ਅਤੇ ਡੀਜ਼ਲ ਦੇ ਵਾਧੁੂ ਖ਼ਰਚੇ ਹੋਏ ਹਨ। ਉਹਨਾਂ ਕਿਹਾ ਕਿ ਹੁਣ ਉਹਨਾਂ ਨੂੰ ਡੀਏਪੀ ਮਿਲਣ ਦੀ ਵੀ ਸੰਭਾਵਨਾ ਘੱਟ ਹੈ। ਜਿਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਉਹਨਾਂ ਦਾ ਨੁਕਸਾਨ ਦੇਖਦੇ ਹੋਏ ਯੋਗ ਮੁਆਵਜ਼ਾ ਦਿੱਤਾ ਜਾਵੇ।