ਪਰਾਲੀ ਨੂੰ ਲੱਗੀ ਅੱਗ ਬੁਝਾਉਣ ਆਈ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਕਿਸਾਨਾਂ ਨੇ ਕਬਜ਼ੇ 'ਚ ਲਿਆ ਹੈ। ਇਸ ਦੌਰਾਨ ਕਿਸਾਨਾਂ ਨੇ ਖੁਦ ਗੱਡੀ ਚਲਾ ਕੇ ਗੁਰੂ ਘਰ ਖੜ੍ਹੀ ਕਰ ਦਿੱਤੀ ਹੈ। ਦੱਸ ਦਈਏ ਕਿ ਖੇਤਾਂ ਵਿਚ ਪਰਾਲੀ ਨੂੰ ਲਾਈ ਅੱਗ ਨੂੰ ਬਝਾਉਣ ਲਈ ਇਹ ਗੱਡੀ ਪਹੁੰਚੀ ਸੀ। ਇਸ ਦੌਰਾਨ ਵੱਡੀ ਗਿਣਤੀ ਵਿਚ ਕਿਸਾਨ ਇਥੇ ਇਕੱਠੇ ਹੋ ਗਏ। ਵੱਡੀ ਗਿਣਤੀ ਕਿਸਾਨ ਗੱਡੀ ਦੇ ਉਪਰ ਚੜ੍ਹ ਗਏ। ਕਿਸਾਨ ਖੁਦ ਗੱਡੀ ਚਲਾ ਕੇ ਨੇੜੇ ਗੁਰੂ ਘਰ ਲੈ ਗਏ ਤੇ ਉਥੇ ਖੜ੍ਹੀ ਕਰ ਦਿੱਤੀ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ਉਤੇ ਪਹੁੰਚੇ ਹਨ ਤੇ ਕਿਸਾਨਾਂ ਨਾਲ ਗੱਲ ਕੀਤੀ ਜਾ ਰਹੀ ਹੈ। ਕਿਸਾਨਾਂ ਦਾ ਗੁੱਸਾ ਹੈ ਕਿ ਸਰਕਾਰ ਮਸਲੇ ਦਾ ਖੁਦ ਹੱਲ ਕਰਨ ਦੀ ਥਾਂ ਕਿਸਾਨਾਂ ਨੂੰ ਦੋਸ਼ੀ ਮੰਨਦੇ ਹੋਏ ਸਖਤੀ ਕਰ ਰਹੀ ਹੈ। ਕਿਸਾਨਾਂ ਦਾ ਤਰਕ ਹੈ ਕਿ ਉਨ੍ਹਾਂ ਕੋਲ ਪਰਾਲੀ ਨੂੰ ਅੱਗ ਲਾਉਣ ਦੇ ਸਿਵਾਏ ਹੋਰ ਕੋਈ ਚਾਰਾ ਨਹੀਂ। ਸਰਕਾਰ ਇਹ ਸਭ ਜਾਣਦੀ ਹੋਈ ਵੀ ਮਸਲੇ ਦੇ ਹੱਲ ਦੀ ਥਾਂ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਹੈ। ਇਸ ਮੌਕੇ ਕਿਸਾਨਾਂ ਦੇ ਰੋਹ ਨੂੰ ਵੇਖਦੇ ਹੋਏ ਪ੍ਰਸ਼ਾਸਨਿਕ ਅਧਿਕਾਰੀ ਗੱਲਬਾਤ ਕਰ ਰਹੇ ਹਨ।