ਚੰਡੀਗੜ੍ਹ ਸਮੇਤ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿਚ ਬੁੱਧਵਾਰ ਸਵੇਰੇ ਮੌਸਮ ਸੁਹਾਵਣਾ ਹੋ ਗਿਆ। ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ 'ਚ ਸਵੇਰ ਤੋਂ ਪੈ ਰਹੀ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਪਰ ਦਫਤਰਾਂ ਨੂੰ ਜਾਣ ਵਾਲੇ ਲੋਕਾਂ ਨੂੰ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਚੰਡੀਗੜ੍ਹ ਦੀ ਗੱਲ ਕਰੀਏ ਤਾਂ ਸਵੇਰੇ ਅੱਠ ਵਜੇ ਪੂਰੇ ਸ਼ਹਿਰ ਵਿੱਚ ਹਨੇਰਾ ਛਾ ਗਿਆ। ਇਸ ਦੇ ਨਾਲ ਹੀ ਤੇਜ਼ ਮੀਂਹ ਕਾਰਨ ਸੜਕਾਂ 'ਤੇ ਪਾਣੀ ਭਰ ਗਿਆ।
ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਮਾਨਸੂਨ ਹਮੇਸ਼ਾ 30 ਜੂਨ ਤੱਕ ਸਿਟੀ ਬਿਊਟੀਫੁੱਲ ਵਿੱਚ ਆ ਜਾਂਦਾ ਹੈ। ਇਸ ਵਾਰ ਸਥਿਤੀ ਅਜਿਹੀ ਬਣ ਰਹੀ ਸੀ ਕਿ 2 ਜੁਲਾਈ ਤੋਂ ਬਾਅਦ ਮਾਨਸੂਨ ਆਉਣ ਦੀ ਸੰਭਾਵਨਾ ਸੀ। ਹਾਲਾਂਕਿ 24 ਘੰਟਿਆਂ 'ਚ ਮੌਸਮ 'ਚ ਬਦਲਾਅ ਤੋਂ ਬਾਅਦ ਇਕ ਦਿਨ ਪਹਿਲਾਂ ਹੀ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਇਸ ਵਾਰ ਮੌਸਮ ਵਿਭਾਗ ਨੇ ਜੁਲਾਈ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ।