ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਕਾਰ ਇੰਝ ਜਾਪਦਾ ਹੈ ਕਿ ਹੁਣ ਦੋਵੇਂ ਇਕਜੁਟ ਹੋ ਗਏ ਹਨ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹੁਣ ਮਿਲ ਕੇ ਕੰਮ ਕਰਨਗੇ। ਇਸ ਦਾ ਸਬੂਤ ਦੋਵੇਂ ਪੰਜਾਬ ਕਾਂਗਰਸ ਦੇ ਦੋਵੇਂ ਚੋਟੀ ਦੇ ਆਗੂਆਂ ਦਾ ਕੇਦਾਰਨਾਥ ਵਿੱਚ ਇਕੱਠੇ ਵਿਖਾਈ ਦੇਣਾ ਮੰਨਿਆ ਜਾ ਰਿਹਾ ਹੈ। ਦੋਵੇਂ ਆਗੂ ਮੰਗਲਵਾਰ ਦੇਹਰਾਦੂਨ ਹਰੀਸ਼ ਰਾਵਤ ਨਾਲ ਮਿਲਣ ਲਈ ਗਏ ਸਨ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਵੀ ਹਾਜ਼ਰ ਸਨ। ਇਸ ਦੌਰਾਨ ਸਾਰੇ ਆਗੂਆਂ ਨੇ ਕੇਦਾਰਨਾਥ ਮੰਦਿਰ ਜਾ ਕੇ ਭਗਵਾਨ ਭੋਲੇਨਾਥ ਦੇ ਦਰਸ਼ਨ ਵੀ ਕੀਤੀ। ਮੰਗਲਵਾਰ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ, ਕੇਦਾਰਨਾਥ ਵਿਖੇ ਭੋਲੇ ਨਾਥ ਦੇ ਦਰਸ਼ਨਾਂ ਦੌਰਾਨ ਇਕਜੁਟ ਵਿਖਾਈ ਦਿੱਤੇ। ਕਾਂਗਰਸੀ ਦੇ ਚਾਰੇ ਉਚ ਆਗੂਆਂ ਨੇ ਇਸ ਦੌਰਾਨ ਹੱਥ ਖੜੇ ਕਰਕੇ ਇਕਜੁਟਤਾ ਦਾ ਪ੍ਰਦਰਸ਼ਨ ਵੀ ਕੀਤਾ। ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਭੋਲੇਨਾਥ ਦੇ ਦਰਬਾਰ ਵਿੱਚ ਪੂਰੀ ਤਰ੍ਹਾਂ ਇਕਜੁਟ ਨਜ਼ਰ ਆਏ, ਜਿਵੇਂ ਕਦੇ ਕੋਈ ਨਾਰਾਜ਼ਗੀ ਹੀ ਨਾ ਹੋਵੇ। ਦੋਵਾਂ ਨੇ ਇਸ ਤਰ੍ਹਾਂ ਕੁੱਝ ਤਸਵੀਰਾਂ ਵੀ ਇਕੱਠੇ ਖਿਚਵਾਈਆਂ, ਜਿਸ ਤੋਂ ਇਸ ਤਰ੍ਹਾਂ ਲੱਗ ਰਿਹਾ ਹੈ ਹੁਣ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਇਕਜੁਟ ਹੋ ਕੇ ਕੰਮ ਕਰਨਗੇ ਅਤੇ ਕਾਂਗਰਸ ਨੂੰ ਅੱਗੇ ਲਿਜਾਣਗੇ। ਭੋਲੇਨਾਥ ਦੇ ਦਰਸ਼ਨਾਂ ਉਪਰੰਤ ਨਵਜੋਤ ਸਿੰਘ ਸਿੱਧੂ ਨੇ ਟਵੀਟ ਵੀ ਕੀਤਾ, ''ਜ਼ਿੰਦਗੀ ਨਾਜ਼ੁਕ ਹੈ, ਅਰਦਾਸ ਨਾਲ ਸੰਭਾਲੋ... ਕੇਦਾਰਨਾਥ ਵਿਖੇ, ਭਗਵਾਨ ਸ਼ਿਵ ਦਾ ਨਿਵਾਸ .... ਹਰ ਹਰ ਮਹਾਦੇਵ !''