ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਲਗਾਤਾਰ ਤਿੰਨ ਮਹੀਨਿਆਂ ਤੋਂ ਪੰਜਾਬ ਦੇ ਕਿਸਾਨ ਸੜਕਾਂ ਅਤੇ ਕਾਰਪੋਰੇਟਾਂ ਘਰਾਣਿਆਂ ਅੱਗੇ ਰੋਸ ਜਤਾ ਰਹੇ ਹਨ। ਇੱਕ ਮਹੀਨੇ ਤੋਂ ਲਗਾਤਾਰ ਕਿਸਾਨ ਦਿੱਲੀ ਦੀ ਸਰਹੱਦ ’ਤੇ ਮੋਰਚਾ ਲਗਾਈ ਬੈਠੇ ਹਨ। ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਮਨ ਕੀ ਬਾਤ’ ਪ੍ਰੋਗਰਾਮ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ ਸੀ। ਜਿਸ ਤਹਿਤ ਅੱਜ ਪ੍ਰਧਾਨ ਮੰਤਰੀ ਦੇ ‘ਮਨ ਦੀ ਬਾਤ’ ਪ੍ਰੋਗਰਾਮ ਮੌਕੇ ਕਿਸਾਨਾਂ ਵਲੋਂ ਭਾਂਡੇ ਖੜਕਾ ਕੇ ਰੋਸ ਜਤਾਇਆ ਗਿਆ।
ਅੱਜ ਖੇਤੀ ਕਾਨੂੰਨਾਂ ਵਿਰੁੱਧ ਕੜਾਕੇ ਦੀ ਠੰਢ ਵਿੱਚ ਦੇਸ਼ ਦਾ ਅੰਨਦਾਤਾ ਦਿੱਲੀ ਦੀਆਂ ਹੱਦਾਂ ’ਤੇ ਸੜਕਾਂ ਕਿਨਾਰੇ ਰਾਤਾਂ ਗੁਜ਼ਾਰ ਰਿਹਾ ਹੈ। ਕਿਸਾਨਾਂ ਦੇ ਮਨ ਦੀ ਬਾਤ ਸੁਣਨ ਦੀ ਬਜਾਏ ਪ੍ਰਧਾਨ ਮੰਤਰੀ ਆਪਣੇ ਮਨ ਕੀ ਬਾਤ ਸੁਣਾ ਕੇ ਤੁਰਦੇ ਬਣਦੇ ਹਨ। ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਨਾ ਹੋ ਕੇ ਕਾਰਪੋਰੇਟ ਘਰਾਣਿਆਂ ਦੇ ਬੁਲਾਰੇ ਬਣੇ ਹੋਏ ਹਨ। ਜਿਸ ਕਰਕੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਸੱਦੇ ਤਹਿਤ ਪ੍ਰਧਾਨ ਮੰਤਰੀ ਦੇ ਮਨ ਕੀ ਬਾਤ ਨੂੰ ਅਣਸੁਣਿਆ ਕਰਦੇ ਹੋਏ ਦੇਸ਼ ਭਰ ਦੇ ਕਿਸਾਨ ਭਾਂਡੇ ਖੜਕਾ ਕੇ ਰੋਸ ਜਤਾ ਰਹੇ ਹਨ।