ਜਮਹੂਰੀ ਅਧਿਕਾਰ ਸਭਾ ਨੇ ਹਰਿਆਣਾ ਸਿਰਸਾ ਵਿਖੇ ਪ੍ਰਦਰਸ਼ਨ ਕਰ ਰਹੇ ਸੰਘਰਸ਼ੀਲ ਲੋਕਾਂ 'ਤੇ ਪੁਲਿਸ ਵੱਲੋਂ ਲਾਠੀਆਂ, ਜਲ ਤੋਪਾਂ ਅਤੇ ਅੱਥਰੂ ਗੈਸ ਦੇ ਗੋਲਿਆਂ ਨਾਲ ਕੀਤੇ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਆਗੂਆਂ ਨੇ ਕਿਹਾ ਕਿ ਅੱਜ ਹਰਿਆਣੇ ਦੀਆਂ 17 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਅਤੇ ਮਜ਼ਦੂਰਾਂ, ਮੁਲਾਜ਼ਮਾਂ ਅਤੇ ਨੌਜਵਾਨਾਂ ਦੀਆਂ ਜਨਤਕ ਜਥੇਬੰਦੀਆਂ ਦੀ ਹਮਾਇਤ ਨਾਲ, ਸਿਰਸਾ ਦੇ ਦੁਸਹਿਰਾ ਗਰਾਊਂਡ ਵਿੱਚ ਕੀਤੇ ਜਾਣ ਵਾਲੇ ਵਿਸ਼ਾਲ ਇਕੱਠ ਤੋਂ , ਹਰਿਆਣਾ ਸਰਕਾਰ ਬੌਖਲਾ ਗਈ ਹੈ। ਇਹ ਇਤਿਹਾਸਕ ਇਕੱਠ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਕੀਤਾ ਗਿਆ ਸੀ।
ਆਗੂਆਂ ਨੇ ਕਿਹਾ ਕਿ ਪ੍ਰਦਰਸ਼ਨਕਾਰੀ, ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਅਤੇ ਹਰਿਆਣੇ ਦੇ ਊਰਜਾ ਅਤੇ ਜੇਲ ਮੰਤਰੀ ਰਣਜੀਤ ਸਿੰਘ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ, ਘੇਰਾਓ ਕਰਨ ਜਾ ਰਹੇ ਸਨ। ਹਰਿਆਣਾ ਸਰਕਾਰ ਅਤੇ ਸਿਰਸਾ ਪ੍ਰਸ਼ਾਸਨ ਵੱਲੋਂ, ਸੰਘਰਸ਼ਸ਼ੀਲ ਕਿਰਤੀ ਲੋਕਾਂ ਤੇ ਕੀਤਾ ਗਿਆ ਹਮਲਾ, ਪੁਰਅਮਨ ਸ਼ਹਿਰੀਆਂ ਦੇ ਰੋਸ ਵਿਖਾਵਿਆਂ ਦੇ ਹੱਕ ਉੱਤੇ ਗੰਭੀਰ ਹਮਲਾ ਹੈ। ਜਮਹੂਰੀ ਅਧਿਕਾਰ ਸਭਾ ਹਰਿਆਣਾ, ਸਾਰੇ ਜਮਹੂਰੀਅਤ ਪਸੰਦ ਸ਼ਹਿਰੀਆਂ ਨੂੰ ਮੋਦੀ ਸਰਕਾਰ ਅਤੇ ਖੱਟੜ ਸਰਕਾਰ ਦੇ ਜਾਬਰ ਅਤੇ ਲੋਕ-ਵਿਰੋਧੀ ਰਵੱਈਏ ਖ਼ਿਲਾਫ਼, ਲਾਮਬੰਦ ਹੋਣ ਦਾ ਸੱਦਾ ਦਿੰਦੀ ਹੈ।