ਸਮਰਾਲਾ( ਗੁਰਦੀਪ ਸਿੰਘ) : ਪੰਜਾਬ ਅੰਦਰ ਭਾਵੇਂ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣ ਚਾਹੇ ਉਹਨਾਂ ਦੀ ਥਾਂ ਤੇ ਨਵੇਂ ਲਾਏ ਚਰਨਜੀਤ ਸਿੰਘ ਚੰਨੀ। ਪ੍ਰੰਤੂ ਰੇਤ ਮਾਫੀਆ ਨੂੰ ਕਿਸੇ ਦਾ ਕੋਈ ਡਰ ਨਹੀਂ ਹੈ। ਕੁੱਝ ਸਮਾਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਉੱਡਣ ਖਟੋਲੇ ਰਾਹੀਂ ਗੈਰ ਕਾਨੂੰਨੀ ਖੱਡਾਂ ਉੱਪਰ ਝਾਤੀ ਮਾਰਨ ਦਾ ਡਰਾਮਾ ਕੀਤਾ ਸੀ, ਜਿਸਦਾ ਕੋਈ ਅਸਰ ਸਾਮਣੇ ਨਹੀਂ ਆਇਆ। ਹੁਣ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਚੇਤਾਵਨੀਆਂ ਦੇ ਬਾਵਜੂਦ ਪੰਜਾਬ ਅੰਦਰ ਸਰੇਆਮ ਨਜਾਇਜ ਮਾਈਨਿੰਗ ਹੋ ਰਹੀ ਹੈ।
ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜ਼ਮੀਨ ਦੀ ਖੁਦਾਈ ਕਰਕੇ ਮਿੱਟੀ ਅਤੇ ਰੇਤਾ ਕੱਢਿਆ ਜਾ ਰਿਹਾ ਹੈ। ਦਿਨ ਰਾਤ ਟਰਾਲੀਆਂ ਅਤੇ ਟਿੱਪਰ ਭਰੇ ਜਾਂਦੇ ਹਨ। ਕੋਈ ਰੋਕ ਟੋਕ ਨਹੀਂ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸੱਤਾ ਧਿਰ ਕਾਂਗਰਸ ਦਾ ਇੱਕ ਪਾਣੀ ਵਾਲਾ ਟੈਂਕਰ ਇੱਥੇ ਖੜ੍ਹਾ ਕੀਤਾ ਹੋਇਆ ਹੈ ਜਿਸ ਉੱਪਰ ਲਿਖਿਆ ਹੋਇਆ ਹੈ ਕਿ ਸੰਪਰਕ ਕਰੋ ਕਾਂਗਰਸ ਦਫਤਰ ਸਮਰਾਲਾ।
ਨਜਾਇਜ ਮਾਈਨਿੰਗ ਵਾਲੀ ਥਾਂ ਉੱਪਰ ਖੜ੍ਹੇ ਕੀਤੇ ਇਸ ਟੈਂਕਰ ਉੱਪਰ ਲਿਖੀ ਇਸ ਸ਼ਬਦਾਵਲੀ ਦੇ ਕਈ ਅਰਥ ਨਿਕਲਦੇ ਹਨ। ਹੁਣ ਆਮ ਦੇਖਣ ਵਾਲਾ ਇਹੀ ਸੋਚਦਾ ਹੈ ਕਿ ਪਾਣੀ ਲੈਣ ਲਈ ਸੰਪਰਕ ਕਰਨਾ ਹੈ ਜਾਂ ਮਿੱਟੀ ਤੇ ਰੇਤਾ।ਇੱਥੇ ਨਜਾਇਜ ਮਾਈਨਿੰਗ ਕਰਕੇ ਆਲੇ ਦੁਆਲੇ ਦੇ ਕਿਸਾਨਾਂ ਦੀਆਂ ਫਸਲਾਂ ਤੇ ਜਮੀਨਾਂ ਬਰਬਾਦ ਹੋ ਰਹੀਆਂ ਹਨ। ਕਰੀਬ ਡੇਢ ਕਿਲੋਮੀਟਰ ਦਾ ਰਸਤਾ ਬਿਲਕੁਲ ਹੀ ਖਰਾਬ ਕਰ ਦਿੱਤਾ ਗਿਆ ਹੈ ਜਿਥੇ ਕਿ ਰਾਤ ਨੂੰ ਕੋਈ ਕਿਸਾਨ ਆਪਣੀ ਜਮੀਨ ਚ ਵੀ ਨਹੀਂ ਆ ਸਕਦਾ।
ਦੂਜੇ ਪਾਸੇ ਸ਼੍ਰੀ ਮਾਛੀਵਾੜਾ ਸਾਹਿਬ ਦੀ ਬੀਡੀਪੀਓ ਰਾਜਵਿੰਦਰ ਕੌਰ ਨੇ ਖੁਦ ਮੰਨਿਆ ਕਿ ਮੰਜੂਰੀ ਜਮੀਨ ਲੈਵਲ ਕਰਨ ਵਾਸਤੇ ਦਿੱਤੀ ਹੀ ਹੈ। ਪਰ ਉਹਨਾਂ ਨੇ ਨਾਜਾਇਜ ਮਾਈਨਿੰਗ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ ਅਤੇ ਕਿਹਾ ਕਿ ਠੇਕੇਦਾਰ ਨੂੰ ਠੇਕਾ ਦਿੱਤਾ ਹੈ ਉਹ ਚਾਹੇ ਟਿੱਪਰ ਭਰੇ ਚਾਹੇ ਟਰਾਲੀਆਂ ਨਾਲ, ਜਿਸ ਤੋਂ ਅਧਿਕਾਰੀਆਂ ਦੀ ਮਿਲੀਭੁਗਤ ਹੋਣ ਦਾ ਖਦਸ਼ਾ ਜਾਹਰ ਹੋ ਰਿਹਾ ਹੈ।