ਮੁੱਖ ਮੰਤਰੀ ਜਿਵੇਂ ਹੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਉਥੇ ਪੁੱਜੇ ਤਾਂ ਉਨ੍ਹਾਂ ਦਾ ਪਾਕਿ ਅਧਿਕਾਰੀਆਂ ਵੱਲੋਂ ਭਰਵਾਂ ਸਵਾਗਤ ਹੋਇਆ। ਮੁੱਖ ਮੰਤਰੀ ਚੰਨੀ ਨੇ ਗੁਰਦੁਆਰਾ ਸਾਹਿਬ ਅੰਦਰ ਜਾਣ ਤੋਂ ਪਹਿਲਾਂ ਸ਼ਰਧਾ ਭੇਂਟ ਕਰਦੇ ਹੋਏ ਮੱਥਾ ਟੇਕਿਆ। ਚੰਨੀ ਇਸ ਮੌਕੇ ਗੁਰਦੁਆਰਾ ਸਾਹਿਬ ਨੂੰ ਮੱਥਾ ਟੇਕਣ ਉਪਰੰਤ ਪੂਰੀ ਸ਼ਰਧਾ ਨਾਲ ਹੱਥ ਜੋੜ ਕੇ ਖੜੇ ਰਹੇ। ਗੁਰਦੁਆਰਾ ਸਾਹਿਬ ਵਿਖੇ ਵਧਾਈ ਦੇਣ ਲਈ ਸੰਬੋਧਨ ਦੌਰਾਨ ਵੀ ਮੁੱਖ ਮੰਤਰੀ ਚੰਨੀ ਮਾਈਕ ਫੜ ਕੇ ਹੱਥ ਜੋੜੀ ਖੜ੍ਹੇ ਵਿਖਾਈ ਦਿੱਤੇ। ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੌਰਾਨ ਮੁੱਖ ਮੰਤਰੀ ਚੰਨੀ ਨੇ ਪੂਰੀ ਸ਼ਰਧਾ ਨਾਲ ਬਾਣੀ ਦਾ ਆਨੰਦ ਮਾਣਿਆ। ਉਨ੍ਹਾਂ ਦੀਆਂ ਬੰਦ ਅੱਖਾਂ ਨਾਨਕ ਬਾਣੀ ਵਿੱਚ ਲੀਨਤਾ ਦਾ ਪ੍ਰਗਟਾਵਾ ਕਰ ਰਹੀਆਂ ਸਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਮੌਕੇ ਚੌਰ ਸਾਹਿਬ ਦੀ ਸੇਵਾ ਕੀਤੀ। ਦਰਸ਼ਨਾਂ ਅਤੇ ਸੇਵਾ ਕਰਨ ਉਪਰੰਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਗਤ ਵਿੱਚ ਬੈਠ ਕੇ ਲੰਗਰ ਵੀ ਛਕਿਆ। ਪੰਜਾਬ ਵਾਪਸੀ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੱਥ ਜੋੜ ਕੇ ਸ਼ਰਧਾ ਭੇਂਟ ਕਰਦੇ ਹੋਏ ਵਿਖਾਈ ਦਿੱਤੇ।