ਲੁਧਿਆਣਾ : ਸਿਹਤ ਵਿਭਾਗ ਵੱਲੋਂ ਲੁਧਿਆਣਾ ਦੇ ਬੀ ਆਰ ਐਸ ਨਗਰ ਸਥਿਤ ਚੰਦਨ ਚਿਕਨ ਤੇ ਵੱਡੀ ਕਾਰਵਾਈ ਕਰਦੇ ਹੋਏ ਦੁਕਾਨ ਨੂੰ ਸੀਲ ਕਰ ਦਿੱਤੀ ਗਈ ਹੈ। ਅਸਲ ਵਿੱਚ ਪਿਛਲੇ ਦਿਨੀਂ ਇਸ ਦੁਕਾਨ ਤੋਂ ਮੰਗਾਏ ਗਏ ਮਨਚੂਰੀਅਨ ਦੇ ਵਿਚ ਛਿਪਕਲੀ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਸਿਹਤ ਵਿਭਾਗ ਨੂੰ ਲਿਖਤ ਸ਼ਿਕਾਇਤ ਵੀ ਦਿੱਤੀ ਗਈ ਸੀ। ਸ਼ਿਕਾਇਕਤਕਰਤਾ ਨੇ ਮੀਡੀਆ ਵਿੱਚ ਆ ਕੇ ਇਨਸਾਫ ਦੀ ਮੰਗ ਵੀ ਕੀਤੀ ਗਈ ਸੀ ਜਿਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਇਸ ਦੁਕਾਨ ਨੂੰ ਸੀਲ ਕਰ ਦਿੱਤੀ ਗਈ ਹੈ। ਕਾਰਵਾਈ ਕਰਨ ਆਏ ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਦਿਲਪ੍ਰੀਤ ਸਿੰਘ ਵੱਲੋਂ ਸ਼ਿਕਾਇਤ ਆਈ ਸੀ ਕਿ ਉਨ੍ਹਾਂ ਨੇ ਇਸ ਦੁਕਾਨ ਤੋਂ ਮਨਚੂਰੀਅਨ ਰੋਲ ਮੰਗਿਆ ਸੀ ਜਿਸ ਵਿਚੋਂ ਛਿਪਕਲੀ ਨਿਕਲੀ ਹੈ। ਜਿਸ ਤੇ ਅੱਜ ਕਾਰਵਾਈ ਕਰਦੇ ਹੋਏ ਦੁਕਾਨ ਨੂੰ ਸੀਲ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸ਼ਨੀਵਾਰ ਅਤੇ ਐਤਵਾਰ ਲੌਕ ਡਾਊਨ ਹੋਣ ਕਾਰਨ ਇਸ ਦੁਕਾਨ ਤੇ ਕਾਰਵਾਈ ਨਹੀਂ ਹੋ ਸਕੀ ਅਤੇ ਹਾਲੇ ਵੀ ਦੁਕਾਨਦਾਰ ਨੇ ਦੁਕਾਨ ਨਹੀਂ ਖੋਲ੍ਹੀ ਹੈ ਪਰ ਫਿਰ ਵੀ ਉਹ ਦੁਕਾਨ ਨੂੰ ਸੀਲ ਕਰ ਕੇ ਦੁਕਾਨ ਦੇ ਬਾਹਰ ਨੋਟਿਸ ਲਗਾ ਕੇ ਜਾ ਰਹੇ ਹਨ। ਅਧਿਕਾਰੀ ਨੇ ਕਿਹਾ ਕਿ ਦੁਕਾਨਦਾਰ ਦੁਕਾਨ ਖੋਲ੍ਹਣ ਤੋਂ ਪਹਿਲਾਂ ਸਿਹਤ ਵਿਭਾਗ ਨੂੰ ਆ ਕੇ ਮਿਲੇ। ਉਸ ਤੋਂ ਬਾਅਦ ਅੱਗੇ ਦੀ ਕਾਰਵਾਈ ਆਰੰਭ ਕੀਤੀ ਜਾਵੇਗੀ।