ਧਨੌਲਾ( ਅਸ਼ੀਸ਼ ਸ਼ਰਮਾ) : ਭਾਜਪਾ ਆਗੂ ਹਰਜੀਤ ਗਰੇਵਾਲ ਦੇ ਬਾਈਕਾਟ ਦੇ ਵਿਰੋਧ ਕਾਰਨ ਪਰਚੇ ਦਰਜ ਕਰ ਜੇਲ੍ਹੀ ਡੱਕੇ ਨੌਜਵਾਨਾਂ ਦੇ ਹੱਕ ਵਿੱਚ ਕਿਸਾਨਾਂ ਨੇ ਅੱਜ ਧਨੌਲਾ ਥਾਣੇ ਅੱਗੇ ਧਰਨਾ ਲਗਾਇਆ। ਕਿਸਾਨਾਂ ਨੇ ਸੰਕੇਤ ਧਰਨੇ ਵਿੱਚ ਨੌਜਵਾਨਾਂ ਤੋਂ ਪਰਚੇ ਰੱਦ ਕਰਵਾਉਣ ਦੀ ਮੰਗ ਤਹਿਤ ਥਾਣਾ ਧਨੋਲਾ ਮੰਡੀ ਅੱਗੇ ਧਰਨਾ ਲਗਾਇਆ ਗਿਆ ਹੈ। ਕਿਸਾਨਾਂ ਨੇ ਕੱਲ ਨੂੰ ਥਾਣੇ ਅੱਗ ਵੱਡਾ ਧਰਨਾ ਦੇਣ ਦਾ ਐਲਾਨ ਕੀਤਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਧਰਨਾਕਾਰੀਆਂ ਨੇ ਕਿਹਾ ਕਿ ਭਾਜਪਾ ਆਗੂ ਵਲੋਂ ਕਿਸਾਨਾਂ ਵਿਰੁੱਧ ਕੀਤੀ ਜਾ ਰਹੀ ਘਟੀਆ ਬਿਆਨਬਾਜ਼ੀ ਦਾ ਧਨੌਲਾ ਦੇ ਲੋਕਾਂ ਵਲੋਂ ਰੋਸ ਵਜੋਂ ਹਰਜੀਤ ਗਰੇਵਾਲ ਦਾ ਬਾਈਕਾਟ ਕੀਤਾ ਸੀ। ਜਿਸ ਤਹਿਤ ਪਿੰਡ ਦੇ ਕਿਸਾਨਾਂ ਵਲੋਂ ਹਰਜੀਤ ਗਰੇਵਾਲ ਦੀ ਜ਼ਮੀਨ ਠੇਕੇ ’ਤੇ ਨਾ ਚੜਨ ਦੇਣ ਦਾ ਐਲਾਨ ਕੀਤਾ ਸੀ। ਜਿਸਤੋਂ ਬਾਅਦ ਤਿੰਨ ਕਿਸਾਨਾਂ ’ਤੇ ਥਾਣਾ ਧਨੌਲਾ ਦੀ ਪੁਲਿਸ ਨੇ ਪਰਚਾ ਦਰਜ਼ ਕੀਤਾ ਹੈ।
ਪੁਲਿਸ ਦੀ ਇਹ ਕਾਰਵਾਈ ਕਿਸਾਨਾਂ ਦਾ ਸੰਘਰਸ਼ ਖ਼ਤਮ ਕਰਵਾਉਣ ਲਈ ਕੀਤੀ ਗਈ ਹੈ। ਜਿਸਦੇ ਰੋਸ ਵਜੋਂ ਅੱਜ ਥਾਣੇ ਅੱਗੇ ਧਰਨਾ ਦਿੱਤਾ ਹੈ। ਉਹਨਾਂ ਕਿਹਾ ਕਿ ਤਿੰਨੇ ਕਿਸਾਨਾਂ ’ਤੇ ਦਰਜ਼ ਪਰਚੇ ਨੂੰ ਰੱਦ ਕਰਨ ਦੇ ਨਾਲ ਨਾਲ ਥਾਣੇ ਦੇ ਐਸਐਚ ਦੀ ਬਦਲੀ ਕੀਤੀ ਜਾਵੇ। ਜੇਕਰ ਇਹ ਪਰਚਾ ਦਰਜ਼ ਨਾ ਕੀਤਾ ਗਿਆ ਤਾਂ ਥਾਣੇ ਅੱਗੇ ਪੱਕਾ ਧਰਨਾ ਲਾ ਕੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਕਿਸਾਨਾਂ ਨੇ ਐਲਾਨ ਕੀਤਾ ਕਿ ਹਰਜੀਤ ਗਰੇਵਾਲ ਵਲੋਂ ਕਿਸਾਨੀ ਵਿਰੋਧ ਕੇਂਦਰ ਸਰਕਾਰ ਦੇ ਲਏ ਜਾ ਰਹੇ ਫ਼ੈਸਲੇ ਦਾ ਸਾਥ ਦੇਣ ਕਾਰਨ ਉਸਦਾ ਬਾਈਕਾਟ ਜਾਰੀ ਰੱਖਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਧਨੌਲਾ ਦੇ ਕੁੱਝ ਲੋਕਾਂ ਵਲੋਂ ਇਕੱਠੇ ਹੋ ਕੇ ਖੇਤੀ ਕਾਨੂੰਨਾਂ ਦੇ ਸੰਘਰਸ਼ ਦੇ ਚੱਲਦਿਆਂ ਭਾਜਪਾ ਆਗੂ ਹਰਜੀਤ ਗਰੇਵਾਲ ਦੇ ਸਮਾਜਿਕ ਬਾਈਕਾਟ ਦਾ ਐਲਾਨ ਕੀਤਾ ਗਿਆ ਸੀ। ਧਨੌਲਾ ਵਾਸੀ ਖੇਤੀ ਕਾਨੂੰਨਾਂ ਨੂੰ ਲੈ ਕੇ ਹਰਜੀਤ ਗਰੇਵਾਲ ਵਲੋਂ ਕਿਸਾਨਾਂ ਵਿਰੁੱਧ ਕੀਤੀ ਜਾਂਦੀ ਬਿਆਨਬਾਜ਼ੀ ਕਾਰਨ ਰੋਸ ਜਤਾਇਆ ਗਿਆ ਸੀ। ਜਿਸ ਤੋਂ ਬਾਅਦ ਹਰਜੀਤ ਗਰੇਵਾਲ ਦੀ ਜ਼ਮੀਨ ਠੇਕੇ ’ਤੇ ਨਾ ਲੈਣ ਦਾ ਵੀ ਫ਼ੈਸਲਾ ਕੀਤਾ ਗਿਆ ਸੀ। ਭਾਜਪਾ ਆਗੂ ਦੀ ਜ਼ਮੀਨ ਠੇਕੇ ’ਤੇ ਲੈਣ ਵਾਲੇ ਦਾ ਵੀ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਵਲੋਂ ਬਾਈਕਾਟ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਦੌਰਾਨ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਉਸ ਦੇ ਆਪਣੇ ਪਿੰਡ ਧਨੌਲਾ ਵਾਸੀਆਂ ਵਲੋਂ ਬਾਈਕਾਟ ਦਾ ਐਲਾਨ ਕੀਤਾ ਗਿਆ ਸੀ। ਜਿਸ ਸਬੰਧੀ ਪਿੰਡ ਦੇ ਕੁੱਝ ਲੋਕਾਂ ਵਲੋਂ ਧਨੌਲਾ ਵਿਖੇ ਹਰਜੀਤ ਗਰੇਵਾਲ ਦੇ ਸਮਾਜਿਕ ਬਾਈਕਾਟ ਦੇ ਪੋਸਟਰ ਲਗਾ ਦਿੱਤੇ ਸਨ। ਜਿਸ ਨੂੰ ਲੈ ਕੇ ਧਨੌਲਾ ਥਾਣੇ ਦੀ ਪੁਲਿਸ ਵਲੋਂ ਹੁਣ ਭਾਜਪਾ ਆਗੂ ਦਾ ਬਾਈਕਾਟ ਕਰਨ ਵਾਲੇ ਲੋਕਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਧਨੌਲਾ ਦੇ ਐਸਐਚਓ ਕੁਲਦੀਪ ਸਿੰਘ ਨੇ ਦੱਸਿਆ ਸੀ ਕਿ ਜਸਪ੍ਰੀਤ ਸਿਘ ਜੱਸੀ ਵਾਸੀ ਧਨੌਲਾ, ਛੋਟਾ ਸਿੰਘ ਅਤੇ ਸੁਰਜੀਤ ਸਿੰਘ ਵਲੋਂ ਇੱਕ ਗੈਂਗ ਬਣਾਇਆ ਹੋਇਆ ਹੈ। ਜਿਹਨਾਂ ਵਲੋਂ ਅਕਸਰ ਹੀ ਗਲਤ ਇਸ਼ਤਿਹਾਰਬਾਜ਼ੀ ਕਰਕੇ ਲੋਕਾਂ ਵਿੱਚ ਭੜਕਾਹਟ ਪੈਦਾ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨੀ ਸੰਘਰਸ਼ ਦੀ ਆੜ ਵਿੱਚ ਇਹਨਾਂ ਲੋਕਾਂ ਵਲੋਂ ਭਾਜਪਾ ਦੇ ਆਗੂ ਹਰਜੀਤ ਗਰੇਵਾਲ ਵਿਰੁੱਧ ਧਨੌਲਾ ਕਸਬੇ ਵਿੱਚ ਇਸ਼ਤਿਹਾਰਬਾਜ਼ੀ ਕੀਤੀ ਗਈ, ਉਸ ਦੀ ਰਿਹਾਇਸ਼ ਅਤੇ ਹੋਰ ਪ੍ਰਾਪਰਟੀ ’ਤੇ ਗਲਤ ਸ਼ਬਦਾਵਲੀ ਵਰਤਦੇ ਹੋਏ ਲੋਕਾਂ ਨੂੰ ਭੜਕਾਉਣ ਦਾ ਕੰਮ ਕੀਤਾ ਗਿਆ ਹੈ।