ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਬਰਨਾਲਾ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ195ਵੇਂ ਦਿਨ ਵੀ ਆਪਣੇ ਪੂਰੇ ਜਲੌਅ ਨਾਲ ਜਾਰੀ ਰਿਹਾ। ਵਿਸਾਖੀ ਦੇ ਤਿਉਹਾਰ ਵਾਲਾ ਦਿਨ ਦੋ ਅਹਿਮ ਇਤਿਹਾਸਕ ਘਟਨਾਵਾਂ ਕਾਰਨ ਬਹੁਤ ਮਹੱਤਵਪੂਰਨ ਦਿਨ ਹੈ।1699 ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਅਤੇ ਸੰਨ 1919 ਦੀ ਵਿਸਾਖੀ ਵਾਲੇ ਦਿਨ ਅੰਗਰੇਜ਼ ਹਾਕਮਾਂ ਨੇ ਜੱਲਿਆਂਵਾਲਾ ਬਾਗ ਨੂੰ ਭਾਰਤੀ ਲੋਕਾਂ ਦੇ ਖੂਨ ਨਾਲ ਲੱਥਪੱਥ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਹਮੇਸ਼ਾ ਮਜਲੂਮਾਂ ਦਾ ਸਾਥ ਦਿੱਤਾ। ਉਨ੍ਹਾਂ ਸਮਾਜ ਦੇ ਨਿਮਾਣੇ ਤੇ ਨਿਤਾਣੇ ਵਰਗਾਂ ਨੂੰ ਨਵੀਂ ਪਹਿਚਾਣ ਬਖਸ਼ ਕੇ ਜਾਬਰਾਂ ਦਾ ਟਾਕਰਾ ਕਰਨ ਲਈ ਜੋਸ਼ ਭਰਿਆ। ਅੱਜ ਜਦੋਂ ਕੇਂਦਰ ਸਰਕਾਰ ਕਿਸਾਨਾਂ 'ਤੇ ਜਬਰ ਕਰ ਰਹੀ ਹੈ ਸਾਨੂੰ ਸਾਡੇ ਗੁਰੂਆਂ ਦੇ ਜਬਰ ਦਾ ਡੱਟ ਕੇ ਸਾਹਮਣਾ ਕਰਨ ਵਾਲੇ ਅਸੂਲਾਂ 'ਤੇ ਪਹਿਰਾ ਦੇਣਾ ਚਾਹੀਦਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਵਿਸਾਖੀ ਵਾਲੇ ਦਿਨ ਦੀ ਇਤਿਹਾਸਕ ਮਹੱਤਤਾ ਸੰਨ 1919 ਦੇ ਖੂਨੀ ਕਾਂਡ ਕਾਰਨ ਹੋਰ ਵੀ ਵਧ ਗਈ। ਪਹਿਲੀ ਸੰਸਾਰ ਜੰਗ ਤੋਂ ਬਾਅਦ ਅੰਗਰੇਜ਼ ਹਾਕਮ ਭਾਰਤੀ ਲੋਕਾਂ ਦੀ ਆਵਾਜ਼ ਬੰਦ ਕਰਨ ਲਈ ਰੋਲਟ ਐਕਟ ਵਰਗਾ ਕਾਲਾ ਕਾਨੂੰਨ ਲੈ ਕੇ ਆਏ ਜਿਸ ਦਾ ਬਹੁਤ ਵਿਰੋਧ ਹੋਇਆ। ਇਸ ਕਾਨੂੰਨ ਵਿਰੁੱਧ ਰੋਸ ਪ੍ਰਗਟ ਕਰਨ ਲਈ ਜੱਲਿਆਂਵਾਲਾ ਬਾਗ 'ਚ ਇਕੱਠੇ ਹੋਏ ਲੋਕਾਂ ਉਪਰ ਅੰਧਾਧੁੰਦ ਗੋਲੀਬਾਰੀ ਕਰਕੇ ਸੈਂਕੜੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।