ਹਾਲ ਹੀ 'ਚ ਯੂਕਰੇਨ ਦੇ ਰਾਸ਼ਟਰਪਤੀ ਦੀ ਪਤਨੀ ਨੇ ਨਵਜੰਮੇ ਬੱਚੇ ਦੀ ਤਸਵੀਰ ਸ਼ੇਅਰ ਕਰਦੇ ਹੋਏ ਭਾਵੁਕ ਅਪੀਲ ਕੀਤੀ ਸੀ, ਇਸ ਬੱਚੇ ਦਾ ਜਨਮ ਬੰਕਰ 'ਚ ਹੀ ਹੋਇਆ ਸੀ। ਇਸ ਤੋਂ ਬਾਅਦ ਅਜਿਹੇ ਹੋਰ ਮਾਮਲੇ ਸਾਹਮਣੇ ਆਏ ਹਨ ਜੋ ਯੂਕਰੇਨ ਦੀਆਂ ਔਰਤਾਂ ਦੀਆਂ ਤਸਵੀਰਾਂ ਬਿਆਂ ਕਰ ਰਹੇ ਹਨ। ਕੀਵ 'ਚ ਰੂਸੀ ਫੌਜ ਦੇ ਹਮਲੇ ਤੋਂ ਬਚਣ ਲਈ ਔਰਤਾਂ ਅਤੇ ਬੱਚਿਆਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜ ਦਿੱਤਾ ਗਿਆ ਹੈ। ਸਾਰਿਆਂ ਨੂੰ ਫੌਜ ਦੀ ਨਿਗਰਾਨੀ ਹੇਠ ਬੰਬ ਰੋਕੂ ਸ਼ੈਲਟਰ ਹੋਮ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੁਰਸ਼ਾਂ ਨੂੰ ਫੌਜ ਦੇ ਨਾਲ ਜੰਗ ਦੀ ਪਹਿਲੀ ਲਾਈਨ 'ਤੇ ਖੜ੍ਹੇ ਹੋਣ ਲਈ ਕਿਹਾ ਗਿਆ ਹੈ। ਯੂਕਰੇਨ ਦੀ ਸਰਕਾਰ ਨੇ 18 ਤੋਂ 60 ਸਾਲ ਦੀ ਉਮਰ ਦੇ ਲੋਕਾਂ ਦੇ ਦੇਸ਼ ਛੱਡਣ 'ਤੇ ਪਾਬੰਦੀ ਲਗਾ ਦਿੱਤੀ ਹੈ। ਯੁੱਧ ਦੇ ਵਿਚਕਾਰ, ਸੰਯੁਕਤ ਰਾਸ਼ਟਰ ਨੇ ਅੰਦਾਜ਼ਾ ਲਗਾਇਆ ਹੈ ਕਿ ਰੂਸੀ ਹਮਲੇ ਕਾਰਨ 10 ਲੱਖ ਯੂਕਰੇਨੀਆਂ ਨੂੰ ਆਪਣਾ ਵਤਨ ਛੱਡ ਕੇ ਦੂਜੇ ਦੇਸ਼ਾਂ ਵਿੱਚ ਸ਼ਰਨ ਲੈਣੀ ਪਈ ਹੈ। ਸੰਯੁਕਤ ਰਾਸ਼ਟਰ ਦੇ ਬੁਲਾਰੇ ਨੇ ਕਿਹਾ ਕਿ ਯੂਕਰੇਨ 'ਚ ਹੋਏ ਹਮਲੇ 'ਚ 209 ਨਾਗਰਿਕ ਮਾਰੇ ਗਏ ਸਨ ਅਤੇ 1500 ਤੋਂ ਜ਼ਿਆਦਾ ਨਾਗਰਿਕ ਜ਼ਖਮੀ ਹੋ ਗਏ ਸਨ। ਜ਼ੇਲੇਂਸਕੀ ਨੇ ਕਿਹਾ ਕਿ ਫੌਜ ਦੇ ਨਾਲ-ਨਾਲ 16,000 ਵਿਦੇਸ਼ੀ ਵਲੰਟੀਅਰਾਂ ਨੇ ਵੀ ਰੂਸੀ ਹਮਲੇ ਖਿਲਾਫ ਮੋਰਚਾ ਸੰਭਾਲ ਲਿਆ ਹੈ। ਉਸਨੇ ਦੁਨੀਆ ਦੇ ਵੱਧ ਤੋਂ ਵੱਧ ਲੋਕਾਂ ਨੂੰ ਉਸਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ। ਓਡੇਸਾ, ਬਿਲਾ ਤਸੇਰਕਵਾ ਅਤੇ ਵੋਲਿਨ ਓਬਲਾਸਟ ਵਿੱਚ ਹਵਾਈ ਹਮਲੇ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਨਿਵਾਸੀਆਂ ਨੂੰ ਨਜ਼ਦੀਕੀ ਥਾਵਾਂ 'ਤੇ ਪਨਾਹ ਲੈਣ ਲਈ ਕਿਹਾ ਗਿਆ ਹੈ।