ਨਵੀਂ ਦਿੱਲੀ- ਦੁਨੀਆ ਦੀ ਸਭ ਤੋਂ ਖੂਬਸੂਰਤ ਮਹਿਲਾ ਕ੍ਰਿਕਟਰਾਂ 'ਚੋਂ ਇਕ ਪਾਕਿਸਤਾਨ ਦੀ ਕਾਇਨਾਤ ਇਮਤਿਆਜ਼ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਉਨ੍ਹਾਂ ਬੀਤੇ ਦਿਨੀਂ ਮੁਹੰਮਦ ਵਕਾਰ ਉੱਦੀਨ ਨੂੰ ਆਪਣਾ ਸਾਥੀ ਬਣਾਇਆ। (kainat Imtiaz instagram) ਕਾਇਨਾਤ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਕਾਇਨਾਤ ਦੇ ਵਿਆਹ ਦੀ ਰਸਮ ਨਿਕਾਹ ਨਾਲ ਸ਼ੁਰੂ ਹੋਈ। ਇਸ ਤੋਂ ਬਾਅਦ ਮਹਿੰਦੀ ਅਤੇ ਬਰਾਤ ਦਾ ਪ੍ਰੋਗਰਾਮ ਹੋਇਆ। ਪਾਕਿਸਤਾਨੀ ਕ੍ਰਿਕਟਰ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਸਾਲ 2010 'ਚ ਇੰਟਰਨੈਸ਼ਨਲ ਡੈਬਿਊ ਕਰਨ ਵਾਲੀ ਕਾਇਨਾਤ ਦਾ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਹੱਥ 'ਚ ਬੱਲਾ ਲੈ ਕੇ ਲਾਲ ਰੰਗ ਦੇ ਵਿਆਹ ਵਾਲੇ ਜੋੜੇ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਕਾਇਨਾਤ ਅਤੇ ਵਕਾਰ ਦੀ ਐਂਟਰੀ ਵੀ ਵੱਖਰੀ ਸੀ। ਦੋਸਤਾਂ ਅਤੇ ਪਰਿਵਾਰ ਵਾਲਿਆਂ ਨੇ ਦੋਵਾਂ ਨੂੰ ਗਾਰਡ ਆਫ ਆਨਰ ਦਿੱਤਾ। 29 ਸਾਲਾ ਆਲਰਾਊਂਡਰ ਨੇ ਪਾਕਿਸਤਾਨ ਲਈ 15 ਵਨਡੇ ਅਤੇ 15 ਟੀ-20 ਮੈਚ ਖੇਡੇ ਹਨ। ਉਸ ਨੇ ਵਨਡੇ ਕ੍ਰਿਕਟ 'ਚ 128 ਦੌੜਾਂ ਅਤੇ 9 ਵਿਕਟਾਂ ਜਦਕਿ ਟੀ-20 'ਚ 120 ਦੌੜਾਂ ਅਤੇ 6 ਵਿਕਟਾਂ ਝਟਕਾਈਆਂ ਹਨ। ਉਨ੍ਹਾਂ ਆਖਰੀ ਮੈਚ ਨਵੰਬਰ 2021 ਵਿੱਚ ਖੇਡਿਆ ਸੀ। 2005 'ਚ ਪਾਕਿਸਤਾਨ 'ਚ ਹੋਏ ਮਹਿਲਾ ਏਸ਼ੀਆ ਕੱਪ ਦੌਰਾਨ ਕਾਇਨਾਤ ਦੀ ਮੁਲਾਕਾਤ ਭਾਰਤੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨਾਲ ਹੋਈ ਅਤੇ ਉਸ ਤੋਂ ਬਾਅਦ ਹੀ ਉਸ ਨੇ ਤੇਜ਼ ਗੇਂਦਬਾਜ਼ ਬਣਨ ਦਾ ਫੈਸਲਾ ਕੀਤਾ।