
ਕੈਪਟਨ ਅਮਰਿੰਦਰ ਸਿੰਘ (Captain Amarinder Singh) ਦਾ ਜਨਮ 11 ਮਾਰਚ 1942 ਨੂੰ ਹੋਇਆ ਸੀ। ਉਹ ਮਹਾਰਾਜਾ ਯਾਦਵਿੰਦਰ ਸਿੰਘ ਅਤੇ ਫੂਲਕੀਆਂ ਵੰਸ਼ ਨਾਲ ਸਬੰਧਤ ਪਟਿਆਲਾ ਦੀ ਮਹਾਰਾਣੀ ਮਹਿੰਦਰ ਕੌਰ ਦੇ ਪੁੱਤਰ ਹਨ। ਉਹ ਇੱਕ ਭਾਰਤੀ ਸਿਆਸਤਦਾਨ, ਫੌਜੀ ਇਤਿਹਾਸਕਾਰ, ਲੇਖਕ ਹਨ। ਕੈਪਟਨ ਨੇ ਜੂਨ 1963 ਤੋਂ ਦਸੰਬਰ 1966 ਤੱਕ ਭਾਰਤੀ ਫੌਜ ਵਿੱਚ ਸੇਵਾ ਕੀਤੀ ਅਤੇ 1965 ਭਾਰਤ-ਪਾਕਿਸਤਾਨ ਜੰਗ ਵਿੱਚ ਹਿੱਸਾ ਵੀ ਲਿਆ। ਕੈਪਟਨ ਨੇ 1980 ਵਿੱਚ ਪਹਿਲੀ ਵਾਰ ਲੋਕ ਸਭਾ ਦੀ ਸੀਟ ਜਿੱਤੀ ਸੀ। 1984 ਵਿੱਚ ਸਾਕਾ ਨੀਲਾ ਤਾਰਾ ਦੌਰਾਨ ਫੌਜ ਦੀ ਕਾਰਵਾਈ ਦੇ ਵਿਰੋਧ ਵਿੱਚ ਸੰਸਦ ਅਤੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ। 1992 ਵਿੱਚ ਅਕਾਲੀ ਦਲ ਤੋਂ ਵੱਖ ਹੋ ਕੇ ਸ਼੍ਰੋਮਣੀ ਅਕਾਲੀ ਦਲ (ਪੰਥਕ) ਨਾਮ ਦਾ ਇੱਕ ਵੱਖਰਾ ਗਰੁੱਪ ਬਣਾਇਆ ਸੀ, ਜਿਸਦਾ 1998 ‘ਚ ਕਾਂਗਰਸ ਵਿੱਚ ਰਲੇਵਾਂ ਹੋ ਗਿਆ। ਉਨ੍ਹਾਂ1999 ਤੋਂ 2002, 2010 ਤੋਂ 2013 ਅਤੇ 2015 ਤੋਂ 2017 ਤੱਕ ਤਿੰਨ ਵਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਸੇਵਾ ਨਿਭਾਈ, ਉਹ 2002 ਵਿੱਚ ਪੰਜਾਬ ਦੇ ਮੁੱਖ ਮੰਤਰੀ ਵੀ ਬਣੇ ਅਤੇ 2007 ਤੱਕ ਇਸ ਅਹੁਦੇ 'ਤੇ ਰਹੇ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ 15ਵੇਂ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ ਹੈ। ਉਹ ਪਹਿਲਾਂ 2002 ਤੋਂ 2007 ਤੱਕ ਪੰਜਾਬ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ। ਕੈਪਟਨ ਨੇ 18 ਸਤੰਬਰ 2021 ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਦਾ 1 ਪੁੱਤਰ ਰਣਇੰਦਰ ਸਿੰਘ ਅਤੇ 1 ਧੀ ਜੈਇੰਦਰ ਕੌਰ ਹੈ। ਉਨ੍ਹਾਂ ਦੀ ਪਤਨੀ ਪਰਨੀਤ ਕੌਰ ਨੇ ਸੰਸਦ ਮੈਂਬਰ ਵਜੋਂ ਸੇਵਾ ਨਿਭਾਈ ਅਤੇ 2009 ਤੋਂ ਅਕਤੂਬਰ 2012 ਤੱਕ ਵਿਦੇਸ਼ ਮੰਤਰਾਲੇ ਵਿੱਚ ਰਾਜ ਮੰਤਰੀ ਰਹੀ।
captain-amarinder-singh - All Results