HOME » Top Videos » Films
Share whatsapp

ਨਸ਼ਾ ਕਰੋ ਪਰ ਜ਼ਿੰਦਗੀ ਦਾ: ਮਿੰਟੂ ਗੁਰੂਸਰੀਆ

Films | 06:29 PM IST Jul 31, 2018

ਮਲੋਟ ਸ਼ਹਿਰ ਤੋਂ ਸੰਬੰਧ ਰੱਖਦੇ ਬਲਜਿੰਦਰ ਸਿੰਘ ਉਰਫ਼ ਮਿੰਟੂ ਗੁਰੂਸਰੀਆ ਦੀ ਕਹਾਣੀ ਇੱਕ ਖੁੱਲੀ ਕਿਤਾਬ ਹੈ। ਫੇਰ ਭਾਵੇਂ ਮਿੰਟੂ ਦਾ ਲੱਗਭੱਗ 2 ਦਹਾਕੇ ਨਸ਼ਿਆਂ ਦੀ ਦਲਦਲ ਵਿੱਚ ਫੱਸੇ ਰਹਿਣਾ ਹੋਵੇ ਜਾਂ ਉਨ੍ਹਾਂ ਦਾ 18 ਸਾਲ ਬਾਅਦ ਨਸ਼ੇ ਛੱਡਣਾ ਹੋਵੇ, ਮਿੰਟੂ ਦਾ 12 ਕ੍ਰਿਮਿਨਲ ਕੇਸਾਂ ਲਈ ਜੇਲ ਵਿੱਚ ਬਿਤਾਇਆ ਸਮਾਂ ਹੋਵੇ ਜਾਂ ਨਸ਼ੇ ਤੇ ਜੁਰਮ ਦੀ ਦੁਨੀਆਂ ਨੂੰ ਛੱਡ ਕੇ ਇੱਕ ਸੋਸ਼ਲ ਵਰਕਰ ਬਣ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਨੂੰ ਛੱਡਣ ਪ੍ਰਤੀ ਜਾਗਰੂਕ ਕਰਨਾ ਹੋਵੇ; ਮਿੰਟੂ ਦੇ ਇਸ ਸਫ਼ਰ ਨੂੰ ਅਸੀਂ ਮਿੰਟੂ ਦੀ ਸਵੈ-ਜੀਵਨੀ ‘ਡਾਕੂਆਂ ਦਾ ਮੁੰਡਾ’ ਵਿੱਚ ਵੀ ਪੜ੍ਹ ਚੁੱਕੇ ਹਾਂ।

ਮਿੰਟੂ ਦੀ ਇਸ ਕਿਤਾਬ ਤੇ ਹੁਣ ਇੱਕ ਪੰਜਾਬੀ ਫਿਲਮ ਬਣੀ ਹੈ ਜਿਸ ਦਾ ਨਾਮ ਵੀ  ‘ਡਾਕੂਆਂ ਦਾ ਮੁੰਡਾ’ ਹੀ ਰੱਖਿਆ ਗਿਆ ਹੈ। ਮੁਕਤਸਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਗੁਰੂਸਰ ਜੋਧਾਂ ਦੇ ਰਹਿਣ ਵਾਲੇ ਮਿੰਟੂ ਦੀ ਨਸ਼ਿਆਂ ਤੋਂ ਨਿਕਲ ਮੁੜ ਖੁਸ਼ਹਾਲ ਜ਼ਿੰਦਗੀ ਵੱਲ ਪਰਤਣ ਦੀ ਇਸ ਕਹਾਣੀ ਬਾਰੇ ਮਿੰਟੂ ਨੇ ਨਿਊਜ਼ 18 ਨਾਲ ਗੱਲ ਬਾਤ ਕੀਤੀ। ਇਸ ਦੌਰਾਨ ਮਿੰਟੂ ਨੇ ਦੱਸਿਆ ਕਿ ਕਿੰਝ ਉਨ੍ਹਾਂ ਨੂੰ ਇਹ ਕਿਤਾਬ ਲਿਖਣ ਲਈ ਬਹੁਤ ਜਣਿਆਂ ਨੇ ਰੋਕਿਆ ਸੀ ਤੇ ਕੋਈ ਵੀ ਇਸ ਨੂੰ ਛਾਪਣ ਲਈ ਤਿਆਰ ਨਹੀਂ ਸੀ। ਪਰ ਮਿੰਟੂ ਆਪਣੀ ਕਹਾਣੀ ਉਨ੍ਹਾਂ ਤੱਕ ਜ਼ਰੂਰ ਪਹੁੰਚਾਉਣਾ ਚਾਹੁੰਦਾ ਸੀ ਜਿਨ੍ਹਾਂ ਦਾ ਵਰਤਮਾਨ ਉਨ੍ਹਾਂ ਦੇ ਕੱਲ ਵਰਗਾ ਸੀ। ਪਰ ਜਦੋਂ ਇਹ ਕਿਤਾਬ ਛਪੀ ਤਾਂ ਇਸ ਨੂੰ ਮਿੰਟੂ ਦੀ ਉਮੀਦ ਤੋਂ ਕਿਤੇ ਵੱਧ ਲੋਕਾਂ ਦਾ ਹੁੰਗਾਰਾ ਮਿਲਿਆ। ਇਸ ਸਫ਼ਰ ਵਿੱਚ ਭਾਵੇਂ ਮਿੰਟੂ ਨੂੰ ਬਹੁਤ ਲੋਕਾਂ ਨੇ ਰੋਕਿਆ ਪਰ ਮਿੰਟੂ ਦੀ ਪਤਨੀ ਨੇ ਉਨ੍ਹਾਂ ਨੂੰ ਹਮੇਸ਼ਾ ਇਹ ਕਿਤਾਬ ਲਿਖਣ ਲਈ ਉਤਸ਼ਾਹਿਤ ਕੀਤਾ।

ਮਿੰਟੂ ਅਨੁਸਾਰ 10 ਅਗਸਤ ਨੂੰ ਰਿਲੀਜ਼ ਹੋਣ ਵਾਲੀ ਇਹ ਫ਼ਿਲਮ ਨੌਜਵਾਨਾਂ ਨੂੰ ਇੱਕ ਸੁਨੇਹਾ ਦੇਵੇਗੀ। ਉਨ੍ਹਾਂ ਦਾ ਮੰਨਣਾ ਹੈ ਕਿ ਜ਼ਿੰਦਗੀ ਵਿੱਚ ਡਿੱਗਣਾ ਕਿਸੇ ਦੇ ਵੱਸ ਵਿੱਚ ਨਹੀਂ ਪਰ ਉੱਠਣਾ ਹਮੇਸ਼ਾ ਬੰਦੇ ਦੇ ਹੱਥ ਵਿੱਚ ਹੁੰਦਾ ਹੈ। 2011 ਵਿੱਚ ਜਦੋਂ ਮਿੰਟੂ ਇੱਕ ਭਿਆਨਕ ਸੜਕ ਹਾਦਸੇ ਦੇ ਕਾਰਨ ਮੰਝੇ ਉੱਤੇ ਪੈ ਗਏ ਸਨ ਤਾਂ ਉਨ੍ਹਾਂ ਨੇ ਆਪਣੇ ਅੰਦਰ ਝਾਤੀ ਮਾਰ ਕੇ ਜ਼ਿੰਦਗੀ ਦੇ ਨਵੇਂ ਦਰਵਾਜ਼ੇ ਖੋਲ੍ਹੇ। ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਭਗਤ ਪੂਰਨ ਸਿੰਘ ਤੋਂ ਵੀ ਕਾਫੀ ਪ੍ਰੇਰਣਾ ਮਿਲੀ।  ਮਿੰਟੂ ਨੂੰ ਲੱਗਿਆ ਕਿ ਜੇ ਭਗਤ ਪੂਰਨ ਸਿੰਘ ਕੋਲ ਕੁੱਝ ਨਾ ਹੁੰਦੇ ਹੋਏ ਵੀ ਉਹ ਲੱਖਾਂ ਦਾ ਸਹਾਰਾ ਬਣੇ ਤਾਂ ਉਹ ਖੁਦ ਕਿਉਂ ਨਹੀਂ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਦੇ।

ਕਿਸੀ ਜ਼ਮਾਨੇ ਵਿੱਚ ਕਬੱਡੀ ਦੇ ਖਿਡਾਰੀ ਰਹਿਣ ਵਾਲੇ ਮਿੰਟੂ ਮਲੋਟ ਦੇ ਸੀਨਿਅਰ ਸੈਕੰਡਰੀ ਸਕੂਲ ਤੋਂ ਨਸ਼ਿਆਂ ਵਿੱਚ ਪੈ ਗਏ ਸਨ।  ਪਰ ਜਦੋਂ 18 ਸਾਲ ਬਾਅਦ ਉਨ੍ਹਾਂ ਨੇ ਨਸ਼ਾ ਛੱਡਿਆ ਤਾਂ ਜ਼ਿੰਦਗੀ ਦੇ ਇਸ ਨਵੇਂ ਨਸ਼ੇ ਨੇ ਉਨ੍ਹਾਂ ਨੂੰ ਗਰੈਜੂਏਸ਼ਨ ਕਰਨ ਲਈ ਉਤਸ਼ਾਹਿਤ ਕੀਤਾ।

ਨਿਊਜ਼ 18 ਪੰਜਾਬ ਦੀ ਇਸ ਵੀਡੀਓ ਇੰਟਰਵਿਊ ਵਿੱਚ ਮਿੰਟੂ ਦੁਆਰਾ ਕਹੀਆਂ ਗਈਆਂ ਇਹ ਲਾਈਨਾਂ ਪੰਜਾਬ ਦੀ ਰੁਲਦੀ ਜਵਾਨੀ ਨੂੰ ਆਪਣੀ ਜਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਦੀਆਂ ਨੇ...
“ਹਸਰਤਾਂ ਤੇ ਕਸਰਤਾਂ ਹਮੇਸ਼ਾ ਚੱਲਦੀਆਂ ਰਹਿਣੀਆਂ ਚਾਹੀਦੀਆਂ...

ਹੱਥਾਂ 'ਚ ਕਿਤਾਬ ਰੱਖੋ, ਅੱਖਾਂ ’ਚ ਖ਼ਾਬ ਰੱਖੋ ਤੇ ਜ਼ਿੰਦਗੀ ਨੂੰ ਜ਼ਿੰਦਾਬਾਦ ਰੱਖੋ”।

SHOW MORE