HOME » Top Videos » Films
Share whatsapp

ਗਾਇਕ ਗਲਵ ਵੜੈਚ ਦੀ ਸਾਈਕਲ ਚੱਲੀ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਲਈ

Films | 05:08 PM IST Jul 19, 2018

ਪੰਜਾਬ ਦੇ ਗਾਇਕਾਂ ਉਤੇ ਜਿਥੇ ਲੱਚਰ ਤੇ ਹਥਿਆਰਾਂ ਵਾਲੀ ਗਾਇਕੀ ਰਾਹੀਂ ਨੌਜਵਾਨਾਂ ਨੂੰ ਕੁਰਾਹੇ ਪਾਉਣ ਦੇ ਦੋਸ਼ ਲੱਗ ਰਹੇ ਹਨ, ਉਥੇ ਨਾਮਵਰ ਪੰਜਾਬੀ ਗਾਇਕ ਗਲਵ ਵੜੈਚ ਨੇ ਇਕ ਨਿਵੇਕਲੀ ਪਹਿਲ ਰਾਹੀਂ ਇਸ ‘ਦਾਗ’ ਨੂੰ ਧੋਣ ਦਾ ਯਤਨ ਕੀਤਾ ਹੈ। ਪੰਜਾਬ ਵਿਚ ਨਸ਼ਿਆਂ ਨਾਲ ਧੜਾ ਧੜ ਹੋ ਰਹੀਆਂ ਮੌਤਾਂ ਦੇ ਰੋਸ ਅਤੇ ਨੌਜਵਾਨਾਂ ਨੂੰ ਸਿੱਧੇ ਰਾਹ ਪਾਉਣ ਲਈ ਵੜੈਚ ਸਾਈਕਲ ਉਤੇ ਸੜਕਾਂ ਉਤੇ ਨਿਕਲਿਆ ਹੈ। ਆਪਣੇ ਜੱਦੀ ਸ਼ਹਿਰ ਪਾਤੜਾਂ ਤੋਂ ਗਲਵ ਵੜੈਚ ਨੇ ਹਫਤਾ ਪਹਿਲਾਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ। ਉਹ ਸਾਈਕਲ ਉਤੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਗਿਆ ਤੇ ਉਥੇ ਬੈਨਰਾਂ ਤੇ ਹੋਰ ਸਾਧਨਾ ਰਾਹੀਂ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਲਾਮਬੰਦ ਕੀਤਾ। ਵੜੈਚ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਪੰਜਾਬ ਵਿਚ ਨਸ਼ਿਆਂ ਕਾਰਨ ਹੋਈਆਂ ਮੌਤਾਂ ਬਾਰੇ ਸੁਣ ਕੇ ਉਹ ਅੰਦਰੋਂ ਝੰਜੋੜਿਆ ਗਿਆ ਤੇ ਉਸ ਨੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਇੱਕਜੁੱਟ ਕਰਨ ਦਾ ਮਨ ਬਣਾ ਲਿਆ।

ਇਸ ਲਈ ਉਸ ਨੇ ਸਾਈਕਲ ਰਾਹੀਂ ਪਿੰਡ-ਪਿੰਡ, ਸ਼ਹਿਰ-ਸ਼ਹਿਰ ਜਾ ਕੇ ਲੋਕਾਂ ਤੱਕ ਆਪਣਾ ਸੁਨੇਹਾ ਪਹੁੰਚਾਉਣ ਦਾ ਮਨ ਬਣਾਇਆ ਹੈ। ਉਸ ਨੇ ਦੱਸਿਆ ਕਿ ਇਸ ਮੁਹਿੰਮ ਵਿਚ ਕਾਫੀ ਸਫਲਤਾ ਵੀ ਮਿਲ ਰਹੀ ਹੈ। ਇਸ ਲਈ ਉਹ ਆਪਣੀ ਯਾਤਰਾ ਜਾਰੀ ਰੱਖੇਗਾ। ਉਹ ਹੁਣ ਚੰਡੀਗੜ੍ਹ ਵਿਚ ਨਸ਼ਿਆਂ ਖ਼ਿਲਾਫ਼ ਬੈਨਰ ਫੜੀ ਸਾਈਕਲ ਉਤੇ ਘੁੰਮ ਰਿਹਾ ਹੈ। ਵੜੈਚ ਨੂੰ ਕੁਝ ਗਾਇਕਾਂ ਨਾਲ ਉਲਾਂਭੇ ਵੀ ਹਨ। ਉਸ ਦਾ ਕਹਿਣਾ ਹੈ ਕਿ ਹਰ ਕਲਾਕਾਰ ਦਾ ਫ਼ਰਜ਼ ਹੈ ਕਿ ਜਿਨ੍ਹਾਂ ਲੋਕਾਂ ਦੇ ਸਿਰ ਉਤੇ ਉਹ ਖੜ੍ਹਾ ਹੋਇਆ ਹੈ, ਉਨ੍ਹਾਂ ਲਈ ਕੁਝ ਸਮਾਂ ਕੱਢੇ, ਪਰ ਅਜਿਹਾ ਨਹੀਂ ਹੋ ਰਿਹਾ ਹੈ। ਉਲਟਾ ਅੱਜ ਕੱਲ੍ਹ ਦੇ ਕੁਝ ਗਾਇਕ ਗੀਤਾਂ ਵਿਚ ਹਥਿਆਰਾਂ ਤੇ ਨਸ਼ਿਆਂ ਦੀਆਂ ਗੱਲਾਂ ਕਰ ਕੇ ਜਵਾਨੀ ਨੂੰ ਪੁੱਠੇ ਰਾਹ ਪਾ ਰਹੇ ਹਨ। ਦੱਸ ਦਈਏ ਕਿ ਗਲਵ ਵੜੈਚ ਨੇ ਆਪਣੀ ਗਾਇਕੀ ਰਾਹੀਂ ਪੰਜਾਬੀ ਮਾਂ ਬੋਲੀ ਦੀ ਰੱਜ ਕੇ ਸੇਵਾ ਕੀਤੀ ਤੇ ਕਰ ਰਿਹਾ ਹੈ। ਉਸ ਦੇ ਗੀਤ- ‘ਕੁੜਤਾ ਪਜਾਮਾ’ ਤੇ ‘ਲਾਹੌਰ’ ਕਾਫੀ ਮਕਬੂਲ ਹੋਏ।

 

 

SHOW MORE