HOME » Top Videos » World
Share whatsapp

ਨਿਊਜ਼ੀਲੈਂਡ ਹਮਲਾ: ਮਰੇ ਪਏ ਲੋਕਾਂ 'ਤੇ ਵੀ ਗੋਲੀਆਂ ਚਲਾਉਂਦਾ ਰਿਹਾ ਹਮਲਾਵਰ

World | 11:47 AM IST Mar 16, 2019

ਦੁਨੀਆਂ ਭਰ ਵਿਚ ਸ਼ਾਂਤਮਈ ਦੇਸ਼ਾਂ ਦੀ ਗਿਣਤੀ ਵਿਚ ਆਉਂਦੇ ਨਿਊਜ਼ੀਲੈਂਡ ਦੇ ਦੱਖਣੀ ਹਿੱਸੇ ਵਿਚ ਪੈਂਦੇ ਸ਼ਹਿਰ ਕ੍ਰਾਈਸਟਚਰਚ ਵਿਖੇ ਦੋ ਮਸਜਿਦਾਂ ਅੰਦਰ ਅੱਤਵਾਦੀ ਹਮਲੇ ਵਿਚ 49 ਲੋਕ ਮਾਰੇ ਗਏ। ਹਮਲਾਵਰ ਨੇ ਹਮਲਾ ਕਰਨ ਤੋਂ ਪਹਿਲਾਂ ਆਪਣੀ ਕਾਰ ਵਿਚ ਪਿਆ ਅਸਲ੍ਹਾ ਅਤੇ ਹੋਰ ਸਾਮਾਨ ਲਿਆਂਦਾ ਅਤੇ ਮਸਜਿਦ ਵਿਚ ਦਾਖ਼ਲ ਹੋਣ ਸਮੇਂ ਪਹਿਲਾਂ ਗੇਟ 'ਤੇ ਖੜ੍ਹੇ ਵਿਅਕਤੀਆਂ ਨੂੰ ਗੋਲੀਆਂ ਮਾਰੀਆਂ, ਜਿਸ ਤੋਂ ਬਾਅਦ ਇਸ ਨੇ ਅੰਦਰ ਦਾਖ਼ਲ ਹੋ ਕੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ ਇਥੋਂ ਤੱਕ ਕਿ ਇਹ ਵਿਅਕਤੀ ਵੱਲੋਂ ਜ਼ਮੀਨ 'ਤੇ ਮਰੇ ਪਏ ਵਿਅਕਤੀਆਂ 'ਤੇ ਵੀ ਮੁੜ ਗੋਲੀਆਂ ਚਲਾਈਆਂ ਗਈਆਂ।

ਮਗਰੋਂ ਉਹ ਸੜਕ ’ਤੇ ਆ ਗਿਆ ਤੇ ਰਾਹਗੀਰਾਂ ਨੂੰ ਵੀ ਨਿਸ਼ਾਨਾ ਬਣਾਇਆ। ਬਾਅਦ ਵਿੱਚ ਉਹ ਆਪਣੀ ਕਾਰ ਵਿੱਚ ਬੈਠ ਗਿਆ ਜਿਸ ਵਿੱਚ ਅੰਗਰੇਜ਼ੀ ਰੌਕ ਬੈਂਡ ‘ਦਿ ਕਰੇਜ਼ੀ ਵਰਲਡ ਆਫ ਆਰਥਰ ਬਰਾਊਨ’ ਦਾ ‘ਫਾਇਰ’ ਗੀਤ ਵੱਜ ਰਿਹਾ ਸੀ। ਗੀਤ ਦੇ ਬੋਲ ਸਨ ‘‘ਆਈ ਐਮ ਦਿ ਗੌਡ ਆਫ਼ ਹੈੱਲਫਾਇਰ।’’ ਮਗਰੋਂ ਬੰਦੂਕਧਾਰੀ ਉਥੋਂ ਚਲਾ ਜਾਂਦਾ ਹੈ ਤੇ ਵੀਡੀਓ ਬੰਦ ਹੋ ਜਾਂਦਾ ਹੈ। ਹਮਲਾਵਰ ਦੇ ਫੇਸਬੁੱਕ ਪੇਜ ਨਾਲ ਲਿੰਕ ਖਾਤਿਆਂ ’ਚ ਇਕ ਮੈਨੀਫੈਸਟੋ ਵੀ ਪੋਸਟ ਕੀਤਾ ਗਿਆ ਹੈ, ਜਿਸ ਵਿੱਚ ਇਸ ਹਮਲੇ ਨੂੰ ਨਸਲ ਤੋਂ ਪ੍ਰੇਰਿਤ ਦੱਸਿਆ ਗਿਆ ਹੈ। ਸੋਸ਼ਲ ਮੀਡੀਆ ਖਾਤੇ ਵਿੱਚ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਸੈਮੀ-ਆਟੋਮੈਟਿਕ ਹਥਿਆਰ ’ਤੇ ਕਈ ਇਤਿਹਾਸਕ ਸ਼ਖ਼ਸੀਅਤਾਂ ਦੇ ਨਾਂ ਹਨ, ਜਿਨ੍ਹਾਂ ਵਿੱਚੋਂ ਕਈ ਮੁਸਲਮਾਨਾਂ ਦੀਆਂ ਹੱਤਿਆਵਾਂ ਵਿੱਚ ਸ਼ਾਮਲ ਸਨ।
ਖ਼ਬਰਾਂ ਮੁਤਾਬਕ 41 ਲੋਕ ਅਲਨੂਰ ਮਸਜਿਦ ਅੰਦਰ ਅਤੇ 7 ਲੋਕ ਮਸਜਿਦ ਦੇ ਬਾਹਰ ਮਾਰੇ ਗਏ ਹਨ ਜਦੋਂ ਕਿ ਇਕ ਔਰਤ ਜੋ ਸੜਕ 'ਤੇ ਜ਼ਖ਼ਮੀ ਹਾਲਤ ਵਿਚ ਮਦਦ ਲਈ ਪੁਕਾਰ ਰਹੀ ਸੀ, ਉਸ ਨੂੰ ਵੀ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਮਾਰੇ ਗਏ ਲੋਕਾਂ 'ਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਸਨ। ਇਸ ਘਟਨਾ ਤੋਂ ਬਾਅਦ ਪੂਰੇ ਨਿਊਜ਼ੀਲੈਂਡ ਅੰਦਰ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਨੇ ਦੱਸਿਆ ਕਿ ਸੈਨਾ ਨੇ ਦੋ ਆਈ. ਈ. ਡੀ. ਬਰਾਮਦ ਕੀਤੇ ਹਨ ਅਤੇ ਉਨ੍ਹਾਂ ਨੂੰ ਨਕਾਰਾ ਕਰ ਦਿੱਤਾ ਗਿਆ। ਮਸਜਿਦ 'ਚ ਮੌਜੂਦ ਇਕ ਫ਼ਲਸਤੀਨੀ ਵਿਅਕਤੀ ਨੇ ਦੱਸਿਆ ਕਿ ਉਸ ਨੇ ਇਕ ਵਿਅਕਤੀ ਦੇ ਸਿਰ 'ਚ ਗੋਲੀ ਲਗਦੀ ਦੇਖੀ। ਉਸ ਨੇ ਕਿਹਾ ਕਿ ਉਸ ਨੇ ਲਗਾਤਾਰ 3 ਗੋਲੀਆਂ ਚੱਲਣ ਦੀ ਆਵਾਜ਼ ਸੁਣੀ। 10 ਕੁ ਸੈਕੰਡ ਦੇ ਬਾਅਦ ਫਿਰ ਤੋਂ ਅਜਿਹਾ ਹੋਇਆ। ਹਮਲਾਵਰ ਕੋਲ ਸਵੈ ਚਾਲਕ ਹਥਿਆਰ ਹੋਵੇਗਾ ਕਿਉਂਕਿ ਕੋਈ ਏਨੀ ਜਲਦੀ ਘੋੜਾ ਨਹੀਂ ਦੱਬ ਸਕਦਾ। ਹਮਲੇ ਦੇ ਸਮੇਂ ਡੀਨ ਅਵੇ ਮਸਜਿਦ 'ਚ ਨਮਾਜ਼ ਪੜ੍ਹ ਰਹੇ ਇਕ ਹੋਰ ਪ੍ਰਤੱਖਦਰਸ਼ੀ ਨੇ ਕਿਹਾ ਕਿ ਉਸ ਨੇ ਬਾਹਰ ਆਪਣੀ ਪਤਨੀ ਦੀ ਲਾਸ਼ ਫੁੱਟਪਾਥ 'ਤੇ ਪਈ ਦੇਖੀ। ਇਕ ਹੋਰ ਵਿਅਕਤੀ ਨੇ ਕਿਹਾ ਕਿ ਉਸ ਨੇ ਬੱਚਿਆਂ 'ਤੇ ਗੋਲੀਆਂ ਚਲਦੀਆਂ ਦੇਖੀਆਂ। ਉਸ ਦੇ ਸਾਰੇ ਪਾਸੇ ਲਾਸ਼ਾਂ ਪਈਆਂ ਸਨ। ਹਮਲੇ ਸਮੇਂ ਪੁਲਿਸ ਨੇ ਸਕੂਲ ਬੰਦ ਕਰ ਦਿੱਤੇ ਸਨ, ਫਿਰ ਪੁਲਿਸ ਨੇ ਸਕੂਲਾਂ ਨੂੰ ਖੋਲ੍ਹ ਦਿੱਤਾ ਤਾਂ ਘਬਰਾਏ ਮਾਪੇ ਆਪਣੇ ਬੱਚਿਆਂ ਨੂੰ ਲੈਣ ਸਕੂਲ ਪੁੱਜੇ।

(DISCLAIMER: ਇਹ ਵੀਡੀਓ ਤੁਹਾਨੂੰ ਪ੍ਰੇਸ਼ਾਨ ਕਰਨ ਵਾਲਾ ਹੋ ਸਕਦਾ ਹੈ।)

SHOW MORE