HOME » Videos » National
Share whatsapp

ਭ੍ਰਿਸ਼ਟਾਚਾਰ ਦੇ ਇਲਜ਼ਾਮ ਪਿੱਛੋਂ ਜੀਕੇ ਸਣੇ ਸਾਰੇ ਅਹੁਦੇਦਾਰਾਂ ਵੱਲੋਂ ਅਸਤੀਫ਼ੇ

National | 05:25 PM IST Dec 06, 2018

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ, ਸਕੱਤਰ ਜਨਰਲ ਮਨਜਿੰਦਰ ਸਿੰਘ ਸਿਰਸਾ ਸਮੇਤ ਸਾਰੇ 15 ਅਹੁਦੇਦਾਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਜੀਕੇ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਪੁਸ਼ਟੀ ਕੀਤੀ ਹੈ ਕਿ ਗੁਰਦੁਆਰਾ ਕਮੇਟੀ ਉੱਪਰ ਇਲਜ਼ਾਮ ਲੱਗਣ ਤੋਂ ਬਾਅਦ ਸਾਰੇ ਅਹੁਦੇਦਾਰਾਂ ਨੇ ਅਸਤੀਫ਼ੇ ਦੇਣ ਦਾ ਫੈਸਲਾ ਕੀਤਾ ਹੈ।

ਜੀਕੇ ਨੇ ਆਖਿਆ ਹੈ ਕਿ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਛੇਤੀ ਹੀ ਚੋਣ ਕਰਵਾਉਣ ਬਾਰੇ ਬੇਨਤੀ ਕੀਤੀ ਜਾਵੇਗੀ। ਇਹ ਚੋਣਾਂ 28-30 ਦਸੰਬਰ ਨੂੰ ਹੋ ਸਕਦੀਆਂ ਹਨ। ਦੱਸ ਦਈਏ ਕਿ ਪਿਛਲੇ ਕੁਝ ਸਮੇਂ ਤੋਂ ਕਮੇਟੀ ਪ੍ਰਧਾਨ ਉਤੇ ਕਾਫੀ ਸਵਾਲ ਉਠੇ ਸਨ। ਜੀਕੇ ਨੇ ਆਖਿਆ ਕਿ ਉਨ੍ਹਾਂ ਉਤੇ ਇਲਜ਼ਾਮ ਲਾਉਣ ਵਾਲੇ ਜਾਣਦੇ ਹਨ ਕਿ ਸਚਾਈ ਕੀ ਹੈ। ਉਨ੍ਹਾਂ ਕਿਹਾ ਕਿ ਅਸੀਂ ਉਹ-ਉਹ ਕੰਮ ਕੀਤੇ ਹਨ, ਜੋ ਕਦੇ ਸੋਚੇ ਤੇ ਸਮਝੇ ਵੀ ਨਹੀਂ ਜਾ ਸਕਦੇ। ਜਿਹੜੇ ਦੋਸ਼ ਉਨ੍ਹਾਂ ਉਤੇ ਲੱਗੇ ਹਨ, ਜਦੋਂ ਤੱਕ ਉਨ੍ਹਾਂ ਨਾਲ ਨਜਿੱਠ ਨਹੀਂ ਲੈਂਦੇ, ਉਦੋਂ ਤੱਕ ਕੋਈ ਵੀ ਅਹੁਦਾ ਨਹੀਂ ਲੈਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਉਤੇ ਕੋਈ ਦਬਾਅ ਨਹੀਂ ਸੀ, ਉਨ੍ਹਾਂ ਨੇ ਖ਼ੁਦ ਹਾਈ ਕਮਾਨ ਨੂੰ ਪ੍ਰਾਪੋਜਲ ਭੇਜਿਆ ਸੀ। ਉਨ੍ਹਾਂ ਕਿਹਾ ਕਿ ਮੇਰੇ ਉਤੇ ਕਈ ਵਾਰ ਹਮਲੇ ਹੋਏ, ਪਰ ਮੈਂ ਡਰਿਆ ਨਹੀਂ ਤੇ ਨਾ ਹੀ ਕਿਸੇ ਦਾ ਦਬਾਅ ਝੱਲਿਆ, ਪਰ ਉਨ੍ਹਾਂ ਉਤੇ ਦੋਸ਼ ਲਾਏ ਗਏ ਸਨ, ਉਨ੍ਹਾਂ ਦੇ ਅੰਦਰੋਂ ਆਵਾਜ਼ ਆਈ ਸੀ ਕਿ ਉਹ ਇਸ ਅਹੁਦੇ ਉਤੇ ਨਹੀਂ ਰਹਿਣਗੇ।

ਜੀਕੇ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਇਲਜ਼ਾਮਾਂ ਦੇ ਸਾਫ਼ ਹੋਣ ਤੱਕ ਉਹ ਕਿਸੇ ਵੀ ਅਹੁਦੇ 'ਤੇ ਨਹੀਂ ਬੈਠਣਗੇ। ਫਿਲਹਾਲ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕਾਇਮ ਹੈ ਪਰ ਕਾਰਜਕਾਰਨੀ ਭੰਗ ਕਰ ਦਿੱਤੀ ਗਈ ਹੈ। ਕਾਰਜਕਾਰਨੀ ਦੇ ਮੈਂਬਰਾਂ ਨੇ ਕਾਨੂੰਨ ਮੁਤਾਬਕ 21 ਦਿਨਾਂ ਦਾ ਨੋਟਿਸ ਦੇ ਕੇ ਚੋਣ ਮੁੜ ਤੋਂ ਕਰਵਾਉਣ ਦੀ ਗੁਰਦੁਆਰਾ ਚੋਣ ਕਮਿਸ਼ਨ ਨੂੰ ਅਪੀਲ ਵੀ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਜੀਕੇ ਧੜੇ ਦੇ ਵਿਰੋਧੀ ਸਿੱਖ ਲੀਡਰ ਗੁਰਮੀਤ ਸਿੰਘ ਸ਼ੰਟੀ ਵੱਲੋਂ ਕਮੇਟੀ ਉੱਪਰ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਜਾਂਦੇ ਹਨ ਤੇ ਇਸ ਬਾਬਤ ਉਨ੍ਹਾਂ ਕੇਸ ਦਰਜ ਕਰਵਾਉਣ ਲਈ ਅਦਾਲਤ ਵਿੱਚ ਪਟੀਸ਼ਨ ਵੀ ਪਾਈ ਹੋਈ ਹੈ, ਜਿਸ ਦੀ ਸੁਣਵਾਈ ਭਲਕੇ ਹੈ। ਸੂਤਰਾਂ ਮੁਤਾਬਕ ਜੇਕਰ ਇਸ ਸਮੇਂ ਕਮੇਟੀ ਭੰਗ ਕਰ ਦਿੱਤੀ ਜਾਂਦੀ ਹੈ ਤੇ ਅਦਾਲਤ ਹੁਕਮ ਕਰਦੀ ਹੈ ਤਾਂ ਕੇਸ ਡੀਐਸਜੀਐਮਸੀ ਦੀ ਬਜਾਏ ਸਿਰਫ਼ ਜੀਕੇ ਦੇ ਨਾਂ 'ਤੇ ਹੋਵੇਗਾ ਤੇ ਇਹੋ ਅਸਤੀਫ਼ਿਆਂ ਦੀ ਮੁੱਖ ਵਜ੍ਹਾ ਹੋ ਸਕਦੀ ਹੈ।

 

SHOW MORE