HOME » Videos » National
Share whatsapp

ਝੀਲ 'ਚ ਡੁੱਬ ਦੇ ਮਹਿਲਾ ਦੀ ਮੌਤ, HIV ਪੀੜਤ ਹੋਣ ਦੇ ਸ਼ੱਕ 'ਚ 25 ਏਕੜ ਵਿਚ ਫੈਲੀ ਝੀਲ ਨੂੰ ਖਾਲੀ ਕਰਨ ਵਿਚ ਜੁਟੇ ਲੋਕ

National | 04:19 PM IST Dec 05, 2018

ਕਰਨਾਟਕਾ ਦੇ ਧਾਰਵਾੜ ਜ਼ਿਲ੍ਹੇ ਵਿਚ ਸ਼ਹਿਰ ਤੋਂ ਤਕਰੀਬਨ 30 ਕਿੱਲੋਮੀਟਰ ਦੂਰ ਮੋਰਾਬ ਪਿੰਡ ਦੇ ਲੋਕ ਇਨ੍ਹੀਂ ਦਿਨੀਂ 25 ਏਕੜ ਵਿਚ ਫੈਲੀ ਵਿਸ਼ਾਲ ਝੀਲ ਨੂੰ ਸੁਕਾਉਣ ਵਿਚ ਰੁੱਝੇ ਹੋਏ ਹਨ। ਕਾਰਨ ਇਹ ਹੈ ਕਿ ਇਸ ਵਿਚ ਇਕ ਔਰਤ ਦੀ ਡੁੱਬਣ ਕਾਰਨ ਮੌਤ ਹੋ ਗਈ। ਪਿੰਡ ਵਾਲਿਆਂ ਦਾ ਮੰਨਣਾ ਹੈ ਕਿ ਔਰਤ ਨੂੰ ਏਡਜ਼ ਸੀ। ਪਿੰਡ ਲਈ ਝੀਲ ਹੀ ਪੀਣ ਵਾਲੇ ਪਾਣੀ ਦਾ ਇਕ ਜਰਿਆ ਹੈ। 29 ਨਵੰਬਰ ਨੂੰ ਪਿੰਡ ਵਾਲਿਆਂ ਨੇ 36 ਸਾਲ ਦੀ ਮਹਿਲਾ ਦੀ ਲਾਸ਼ ਝੀਲ ਵਿਚੋਂ ਕੱਢੀ ਸੀ।

ਉਸ ਦੇ ਸਰੀਰ ਦਾ ਕਾਫੀ ਹਿੱਸਾ ਮੱਛੀਆਂ ਖਾ ਗਈਆਂ ਸਨ। ਲੋਕਾਂ ਨੂੰ ਲੱਗਿਆ ਕਿ ਝੀਲ ਦੇ ਪੂਰੇ ਪਾਣੀ ਵਿਚ ਵਾਇਰਸ ਫੈਲ ਗਿਆ ਹੈ। ਇਸ ਤੋਂ ਬਾਅਦ ਲੋਕਾਂ ਨੇ ਪਾਈਪ ਲਾ ਕੇ ਝੀਲ ਦਾ ਪਾਣੀ ਕੱਢਣਾ ਸ਼ੁਰੂ ਕਰ ਦਿੱਤਾ। ਪਿਛਲੇ 4 ਦਿਨਾਂ ਤੋਂ ਲੋਕ ਇਸ ਕੰਮ ਵਿਚ ਲੱਗੇ ਹੋਏ ਹਨ। ਝੀਲ ਕਾਫੀ ਵੱਡੀ ਹੈ। ਇਸ ਲਈ ਲੋਕ ਦਿਨ ਰਾਤ ਇਸ ਕੰਮ ਵਿਚ ਲੱਗੇ ਹੋਏ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪਿਛਲੇ ਸਾਲ ਇਸੇ ਝੀਲ ਵਿਚ ਇਕ ਲੜਕੇ ਦੀ ਡੁੱਬ ਕੇ ਮੌਤ ਹੋ ਗਈ ਸੀ। ਪਰ ਉਸ ਸਮੇਂ ਅਜਿਹਾ ਕੋਈ ਕਦਮ ਨਹੀਂ ਉਠਾਇਆ ਗਿਆ। ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਪੂਰੇ ਪਾਣੀ ਵਿਚ ਵਾਇਰਸ ਫੈਲਣ ਕਾਰਨ ਉਨ੍ਹਾਂ ਨੂੰ ਇਹ ਕੰਮ ਕਰਨਾ ਪੈ ਰਿਹਾ ਹੈ। ਹਾਲਾਂਕਿ ਪਿੰਡ ਵਾਸੀਆਂ ਨੇ ਪਾਣੀ ਦੀ ਕੋਈ ਜਾਂਚ ਨਹੀਂ ਕਰਵਾਈ ਤੇ ਆਪ ਹੀ ਇਹ ਮੰਨ ਲਿਆ ਕਿ ਪਾਣੀ ਦੂਸ਼ਿਤ ਹੋ ਗਿਆ ਹੈ। ਤੇ ਝੀਲ ਖਾਲੀ ਕਰਨ ਵਿਚ ਜੁਟ ਗਏ।

ਪੰਚਾਇਤ ਵਿਕਾਸ ਅਧਿਕਾਰੀ ਨਾਗਰਾਜ ਨੇ ਕਿਹਾ ਕਿ ਪਿੰਡ ਦੇ ਲੋਕਾਂ ਨੂੰ ਬੜਾ ਸਮਝਾਇਆ ਤੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਆਪਣੀ ਜ਼ਿੱਦ ਉਤੇ ਅੜੇ ਹੋਏ ਹਨ। ਉਨ੍ਹਾਂ ਕਿਹਾ ਕਿ ਪਿੰਡ ਵਾਲੇ ਆਪ ਹੀ ਪਾਈਪ ਲੈ ਕੇ ਆ ਗਏ ਤੇ ਝੀਲ ਨੂੰ ਖਾਲੀ ਕਰਨ ਲੱਗ ਪਏ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਪਿੰਡ ਵਾਲਿਆਂ ਨੂੰ ਅਜਿਹਾ ਕੋਈ ਡਰ ਹੈ ਤਾਂ ਪਾਣੀ ਵਿਚ ਕਲੋਰੀਨ ਦੀ ਗੋਲੀ ਪਾ ਕੇ ਇਹ ਪੀਣ ਯੋਗ ਹੋ ਸਕਦਾ ਸੀ ਪਰ ਪਿੰਡ ਵਾਲਿਆਂ ਨੇ ਇਕ ਨਾ ਮੰਨੀ। ਇਸ ਮਾਮਲੇ ਵਿਚ ਧਾਰਵਾੜ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਰਜਿੰਦਰ ਡੋਡਾਮਨੀ ਦਾ ਕਹਿਣਾ ਹੈ ਕਿ ਐਚਆਈਵੀ ਪਾਣੀ ਨਾਲ ਨਹੀਂ ਫੈਲਦਾ। ਲੋਕ ਇਸ ਤੋਂ ਨਾ ਡਰਨ। ਪਾਣੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਬਾਵਜੂਦ ਇਸ ਦੇ ਲੋਕ ਮਾਲਾਪ੍ਰਭਾ ਨਹਿਰ ਤੋਂ ਪੀਣ ਦਾ ਪਾਣੀ ਨਹੀਂ ਲੈ ਰਹੇ। ਪਾਣੀ ਲਈ ਲੋਕਾਂ ਨੂੰ 3 ਕਿੱਲੋਮੀਟਰ ਤੱਕ ਦੀ ਚੜ੍ਹਾਈ ਪਾਰ ਕਰਨੀ ਪੈ ਰਹੀ ਹੈ। ਦੱਸ ਦਈਏ ਕਿ ਮੋਰਬਾ ਝੀਲ ਉਤਰ ਕਰਨਾਟਕ ਸਥਿਤ ਨਾਵਲਗੁੰਡ ਇਲਾਕੇ ਦੀ ਸਭ ਤੋਂ ਵੱਡੀ ਝੀਲ ਹੈ ਅਤੇ ਪੀਣ ਵਾਲੇ ਪਾਣੀ ਦਾ ਇਕੋ ਇਕ ਸਾਧਨ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਔਰਤ ਦੀ ਲਾਸ਼ ਬਹੁਤ ਖਰਾਬ ਹਾਲਤ ਵਿਚ ਮਿਲੀ ਸੀ ਤੇ ਲਗਭਗ ਗਲ-ਸੜ ਗਈ ਸੀ। ਪਿੰਡ ਦੇ ਲੋਕ ਸੰਕ੍ਰਮਿਤ ਪਾਣੀ ਪੀਣਾ ਨਹੀਂ ਸੀ ਚਾਹੁੰਦੇ। ਪਿੰਡ ਵਾਲਿਆਂ ਮੁਤਾਬਕ ਲਾਸ਼ ਕਿਸੇ ਆਮ ਆਦਮੀ ਦੀ ਹੁੰਦੀ ਤਾਂ ਉਹ ਪਾਣੀ ਪੀ ਲੈਂਦੇ ਪਰ ਔਰਤ ਐਚਆਈਵੀ ਪਾਜ਼ਿਟਿਵ ਸੀ। ਇਸ ਲਈ ਉਹ ਪਾਣੀ ਨਹੀਂ ਪੀਣਾ ਚਾਹੁੰਦੇ।

SHOW MORE