HOME » Top Videos » Punjab
Share whatsapp

ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ ਦਾ ਫ਼ੈਸਲਾ, ਪੰਜਾਬ 'ਚ ਵਿਰੋਧ, ਜਾਣੋ ਕਾਰਨ..

Punjab | 10:10 AM IST Dec 14, 2018

ਕਾਂਗਰਸ ਨੇ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ ਦਾ ਫ਼ੈਸਲਾ ਕੀਤਾ ਹੈ ਪਰ ਕਾਂਗਰਸ ਦੇ ਇਸ ਫ਼ੈਸਲੇ ਦਾ ਵਿਰੋਧ ਹੋਣ ਲੱਗਿਆ ਹੈ। ਅਕਾਲੀ ਦਲ, ਡੀਐੱਸਜੀਐੱਮਸੀ. ਤੇ ਹੋਰ ਸਿੱਖ ਜਥੇਬੰਦੀਆਂ ਨੇ ਕਮਲ ਨਾਥ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਅਕਾਲੀ ਦਲ ਤੇ ਡੀਐੱਸਜੀਐੱਮਸੀ ਨੇ ਇਲਜ਼ਾਮ ਲਾਇਆ ਹੈ ਕਿ ਕਾਂਗਰਸ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਮੁਲਜ਼ਮਾਂ ਨੂੰ ਗੱਦੀਆਂ ਸੌਂਪ ਰਹੀ ਹੈ।

ਮੱਧ ਪ੍ਰਦੇਸ਼ ਵਿੱਚ ਸਰਕਾਰ ਦੀ ਵਾਗਡੋਰ ਸੰਭਾਲਣ ਲਈ ਕਾਂਗਰਸ ਵੱਲੋਂ ਕਮਲ ਨਾਥ ਨਾਂ ਅੱਗੇ ਕੀਤਾ ਗਿਆ ਤਾਂ ਇਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਚ ਉਬਾਲ ਆ ਗਿਆ। ਕਮਲ ਨਾਥ ਦਾ ਨਾਂ 1984 ਸਿੱਖ ਕਤਲੇਆਮ ਵਿੱਚ ਉੱਭਰਿਆ ਸੀ ਜਿਸ ਕਾਰਨ ਪੰਜਾਬ ਚ ਵਿਰੋਧੀ ਧਿਰਾਂ ਦੇ ਹਰ ਆਗੂ ਨੇ ਕਾਂਗਰਸ ਦੇ ਇਸ ਕਦਮ ਦਾ ਉੱਤੇ ਸਖ਼ਤ ਵਿਰੋਧ ਜਤਾਇਆ। ਆਮ ਆਦਮੀ ਪਾਰਟੀ ਨੇ ਕਮਲ ਨਾਥ ਸਿਰ ਕਾਂਗਰਸ ਵੱਲੋਂ 'ਮੁੱਖ ਮੰਤਰੀ ਦਾ ਤਾਜ' ਰੱਖੇ ਜਾਣ ਦੀ ਤਿਆਰੀ ਦਾ ਜ਼ੋਰਦਾਰ ਵਿਰੋਧ ਕਰਦਿਆਂ ਇਸ ਨੂੰ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਭੁੱਕਣ ਵਾਂਗ ਕਰਾਰ ਦਿੱਤਾ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਦੇ ਨਾਲ ਮੋਦੀ ਸਰਕਾਰ ਉੱਤੇ ਵੀ ਸਵਾਲ ਖੜੇ ਕੀਤੇ ਜਦੋਂਕਿ ਸੁਖਪਾਲ ਖਹਿਰਾ ਨੇ ਕਮਲ ਨਾਥ ਦੇ ਮੁੱਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਆਪਣਾ ਸਟੈਂਡ ਕਰਨ ਦੀ ਮੰਗ ਕੀਤੀ ਹੈ।

ਉੱਧਰ, ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਕਮਲ ਨਾਥ ਨੂੰ ਮੁੱਖ ਮੰਤਰੀ ਬਣਾਉਣ ਦੀ ਕਾਂਗਰਸ ਦੀ ਯੋਜਨਾ ਦਾ ਤਿੱਖਾ ਵਿਰੋਧ ਕੀਤਾ। ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਇਲਜ਼ਾਮ ਲਾਏ ਕਿ ਕਾਂਗਰਸ ਮੁੱਢ ਤੋਂ ਹੀ 84 ਦੇ ਕਾਤਲਾਂ ਨੂੰ ਵੱਡੇ-ਵੱਡੇ ਰੁਤਬਿਆਂ ਨਾਲ ਨਿਵਾਜਿਆ। ਸਿਆਸੀ ਵਿਰੋਧੀਆਂ ਦੇ ਨਾਲ DSGMC ਤੇ SGPC ਸਮੇਤ ਕਈ ਸਿੱਖ ਜਥੇਬੰਦੀਆਂ ਨੇ ਵੀ ਕਾਮਲ ਨਾਥ ਨੂੰ ਮੁੱਖ ਮੰਤਰੀ  ਬਣਾਉਣ ਦੀ ਕਾਂਗਰਸ ਦੀ ਯੋਜਨਾ ਦਾ ਵਿਰੋਧ ਕੀਤਾ ਹੈ।

ਕਮਲ ਨਾਥ ਨੂੰ ਲੈ ਕਿ ਵਿਰੋਧੀ ਸਵਾਲ ਚੁੱਕ ਰਹੇ ਪਰ ਪੰਜਾਬ ਕਾਂਗਰਸ ਦੇ ਆਗੂਆਂ ਨੇ ਆਪਣੀ ਪਾਰਟੀ ਦਾ ਸਾਥ ਦਿੱਤਾ ਹੈ। ਸੂਬਾ ਪ੍ਰਧਾਨ ਸੁਨੀਲ ਜਾਖੜ ਸਮੇਤ ਸਮੂਹ ਕਾਂਗਰਸ ਨੇ ਅਕਾਲੀ ਦਲ ਤੇ ਮੋਦੀ ਸਰਕਾਰ ਉੱਤੇ ਹੀ ਉਲਟਾ ਸਵਾਲ ਖੜੇ ਕਰ ਦਿੱਤੇ ਹਨ। ਸੁਨੀਲ ਜਾਖੜ ਨੇ ਕਮਲ ਨਾਥ ਦਾ ਬਚਾਅ ਕਰਦਿਆਂ ਅਕਾਲੀ ਦਲ ਨੂੰ ਸਵਾਲ ਕੀਤਾ ਹੈ ਕਿ ਬਾਦਲ ਮੁੱਖ ਮੰਤਰੀ ਹੁੰਦੇ ਹੋਏ ਕਿਉਂ ਕਮਲ ਨਾਥ ਨੂੰ ਫੁੱਲਾਂ ਦੇ ਗੁਲਦਸਤੇ ਦਿੰਦੇ ਰਹੇ ਹਨ।

ਜ਼ਿਕਰਯੋਗ ਹੈ ਕਿ  ਕਮਲ ਨਾਥ ਦਾ ਨਾਂ 1984 ਸਿੱਖ ਕਤਲੇਆਮ ਵਿੱਚ ਉੱਭਰਿਆ ਸੀ। ਉਨ੍ਹਾਂ ਉੱਤੇ 1984 ਸਿੱਖ ਕਤਲੇਆਮ ਦੇ ਇਲਜ਼ਾਮ ਵੀ ਲੱਗੇ ਹਾਲਾਂਕਿ ਕਮਲ ਨਾਥ ਖ਼ਿਲਾਫ਼ ਕੋਈ FIR ਅਜੇ ਤੱਕ ਦਰਜ ਨਹੀਂ। ਇਸ ਤੋਂ ਪਹਿਲਾ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਵੱਲੋਂ ਕਮਲ ਨਾਥ ਨੂੰ ਪੰਜਾਬ ਕਾਂਗਰਸ ਇੰਚਾਰਜ ਲਾਉਣ ਦੀ ਫ਼ੈਸਲਾ ਲਿਆ ਗਿਆ ਜੋ ਵਿਰੋਧ ਤੋਂ ਬਾਅਦ ਵਾਪਸ ਲੈ ਲਿਆ ਗਿਆ ਹੈ।

SHOW MORE