HOME » Top Videos » Punjab
Share whatsapp

ਅੰਮ੍ਰਿਤਸਰ ਖੁਦਕੁਸ਼ੀ ਮਾਮਲਾ: ਪੜ੍ਹੋ ਪੁਲਿਸ ਅਫਸਰਾਂ ਦੀ ਦਰਿੰਦਗੀ ਦੀ ਪੂਰੀ ਕਹਾਣੀ....

Punjab | 08:57 PM IST Feb 19, 2020

ਅੰਮ੍ਰਿਤਸਰ ਦੇ ਬਹੁਚਰਚਿਤ ਸਮੂਹਿਕ ਖੁਦਕੁਸ਼ੀ ਮਾਮਲੇ ਵਿੱਚ ਅਦਾਲਤ ਨੇ ਸਾਬਕਾ DIG ਕੁਲਤਾਰ ਸਿੰਘ ਤੇ DSP ਸਣੇ 6 ਨੂੰ ਸਜ਼ਾ ਸੁਣਾਈ ਹੈ। ਇਸ ਮਾਮਲੇ ਵਿੱਚ ਡੀਆਈਜੀ ਕੁਲਤਾਰ ਸਿੰਘ ਨੂੰ 8 ਸਾਲ ਤੇ ਡੀਐੱਸਪੀ ਹਰਦੇਵ ਸਿੰਘ ਨੂੰ ਚਾਰ ਸਾਲ ਦੀ ਸਜ਼ਾ ਹੋਈ ਹੈ। ਇਨ੍ਹਾਂ ਦੋਸ਼ੀਆਂ ਨੇ 16 ਸਾਲ ਪਹਿਲਾਂ ਇੱਕੋ ਪਰਿਵਾਰ ਦੇ ਪੰਜ ਲੋਕਾਂ ਨੂੰ ਖੁਦਕੁਸ਼ੀ ਲਈ ਮਜਬੂਰ ਕੀਤਾ ਸੀ।

2004 'ਚ ਤੰਗ ਹੋ ਕੇ ਪਰਿਵਾਰ ਦੇ 5 ਮੈਂਬਰਾਂ ਨੇ ਖੁਦਕੁਸ਼ੀ ਕੀਤੀ ਸੀ। ਹਰਦੀਪ ਸਿੰਘ, ਉਸ ਦੀ ਪਤਨੀ, ਮਾਂ ਅਤੇ ਦੋ ਬੱਚਿਆਂ ਨੇ 31 ਅਕਤੂਬਰ, 2004 ਨੂੰ ਆਪਣੇ ਆਪ ਨੂੰ ਖਤਮ ਕਰ ਲਿਆ ਸੀ। ਖ਼ੁਦਕੁਸ਼ੀ ਤੋਂ ਪਹਿਲਾਂ ਪਰਿਵਾਰ ਨੇ ਘਰ ਦੀਆਂ ਕੰਧਾਂ 'ਤੇ ਇਨ੍ਹਾਂ ਪੁਲਿਸ ਅਫਸਰਾਂ ਦੀ ਦਰਿੰਦਗੀ ਦੀ ਸਾਰੀ ਕਹਾਣੀ ਬਿਆਨ ਦਿੱਤੀ ਸੀ। ਮਿੱਤਰਾਂ ਅਤੇ ਜਾਣਕਾਰਾਂ ਨੂੰ ਸੁਸਾਈਡ ਨੋਟ ਦੀਆਂ ਕਾਪੀਆਂ ਭੇਜੀਆਂ ਸਨ।

ਦੱਸ ਦਈਏ ਕਿ ਹਰਦੀਪ ਸਿੰਘ ਕੋਲੋਂ ਪਰਿਵਾਰਕ ਝਗੜੇ ਦੌਰਾਨ ਗਲਤੀ ਨਾਲ ਆਪਣੇ ਪਿਤਾ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਪਿਓ ਦੀ ਲਾਸ਼ ਨੂੰ ਸੁੱਟ ਦਿੱਤਾ ਤੇ ਉਸ ਨੂੰ ਅਜਿਹਾ ਕਰਦਿਆਂ ਕੁਝ ਰਿਸ਼ਤੇਦਾਰਾਂ ਨੇ ਵੇਖ ਲਿਆ। ਪ੍ਰੱਤਖਦਰਸ਼ੀਆਂ ਨੇ ਇਸ ਦੀ ਸ਼ਿਕਾਈਤ ਪੁਲਿਸ ਨੂੰ ਦੇ ਦਿੱਤੀ। ਇਸ ਦੌਰਾਨ ਅੰਮ੍ਰਿਤਸਰ ਪੁਲਿਸ 'ਚ ਤਾਇਨਾਤ ਐਸਐਸਪੀ ਕੁਲਤਾਰ ਸਿੰਘ ਨੇ ਹਰਦੀਪ ਸਿੰਘ ਦੇ ਪਰਿਵਾਰ ਤੋਂ ਪੰਜ ਲੱਖ ਰੁਪਏ ਦੀ ਮੰਗ ਕੀਤੀ। ਸਿਰਫ ਇੰਨਾ ਹੀ ਨਹੀਂ ਉਸ ਨੇ ਬਾਅਦ 'ਚ ਫੇਰ ਉਨ੍ਹਾਂ ਤੋਂ ਸੱਤ ਲੱਖ ਰੁਪਏ ਮੰਗੇ।

ਪੁਲਿਸ ਦੀ ਇਹ ਕਰਤੂਤ ਇੱਥੇ ਹੀ ਨਹੀਂ ਖ਼ਤਮ ਹੁੰਦੀ। ਇਸ ਤੋਂ ਬਾਅਦ ਉਸ ਨੇ ਹਰਦੀਪ ਦੀ ਪਤਨੀ ਨਾਲ ਵੀ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ। ਹਰਦੀਪ ਤੇ ਉਸ ਦੀ ਪਤਨੀ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਤਾਂ ਹਰਦੀਪ ਤੇ ਉਸ ਦੇ ਪੂਰੇ ਪਰਿਵਾਰ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਜਾਵੇਗਾ।

ਇਸ ਪਿੱਛੋਂ ਹਰਦੀਪ ਦੀ ਪਤਨੀ ਆਪਣੇ ਘਰ ਬਗੈਰ ਕਿਸੇ ਨੂੰ ਦੱਸੇ ਐਸਐਸਪੀ ਕੁਲਤਾਰ ਸਿੰਘ ਕੋਲ ਪਹੁੰਚੀ ਤਾਂ ਉਸ ਨੇ ਪੀੜਤਾ ਨਾਲ ਜ਼ਬਰਦਸਤੀ ਕੀਤੀ। ਇਸ ਬਾਰੇ ਹਰਦੀਪ ਦੀ ਪਤਨੀ ਨੇ ਘਰਵਾਲਿਆਂ ਨੂੰ ਦੱਸਿਆ ਤਾਂ ਹਰਦੀਪ ਨੇ ਆਪਣੀ ਮਾਂ, ਪਤਨੀ ਤੇ ਦੋਵੇਂ ਬੇਟਿਆਂ ਨੂੰ ਜ਼ਹਿਰ ਦੇ ਮਾਰ ਦਿੱਤਾ ਤੇ ਬਾਅਦ 'ਚ ਕੰਧਾਂ 'ਤੇ ਆਪ ਬੀਤੀ ਲਿਖ ਮੌਤ ਨੂੰ ਗਲੇ ਲਾ ਲਿਆ। ਹਰਦੀਪ ਵੱਲੋਂ ਲਿਖੀ ਹੱਡਬੀਤੀ ਦੀ ਦਾਸਤਾਂ ਦੀ ਵੀਡੀਓ ਰਿਕਾਰਡਿੰਗ ਵੀ ਹੈ। ਹਰਦੀਪ ਨੇ ਕੰਧ 'ਤੇ ਆਪਣੇ ਪੈਸਿਆਂ ਦਾ ਸਾਰਾ ਹਿਸਾਬ ਲਿਖਿਆ ਹੋਇਆ ਸੀ ਜਿਸ ਵਿੱਚੋਂ ਐਸਐਸਪੀ ਕੁਲਤਾਰ ਸਿੰਘ ਦਾ ਨਾਂ ਹਟਾ ਵੱਖਰੇ ਪੈਨ ਨਾਲ ਕੁਝ ਹੋਰ ਲਿਖ ਦਿੱਤਾ ਗਿਆ। ਇਸ ਦੀ ਫੋਰੈਂਸਿਕ ਜਾਂਚ ਤੋਂ ਬਾਅਦ ਖੁਲਾਸਾ ਹੋਇਆ ਕਿ ਸਬੂਤਾਂ ਨਾਲ ਛੇੜਛਾੜ ਹੋਈ ਹੈ।

ਇਸ ਤੋਂ ਬਾਅਦ ਕੁਲਤਾਰ ਸਿੰਘ ਡੀਆਈਜੀ ਬਣਕੇ ਰਿਟਾਇਰ ਹੋਇਆ ਪਰ ਹਰਦੀਪ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ। ਸ਼ਿਕਾਇਤਕਰਤਾ ਸਰਬਜੀਤ ਸਿੰਘ ਵੇਰਕਾ ਨੇ 16 ਸਾਲ ਇਸ ਲਈ ਇਨਸਾਫ ਦੀ ਲੜਾਈ ਲੜੀ ਤੇ ਇਸ ਮਾਮਲੇ 'ਚ 18 ਵਾਰ ਐਸਐਸਪੀ ਤੇ ਉਸ ਦੇ ਸਾਥੀਆਂ ਖਿਲਾਫ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਗਏ। ਹੁਣ ਉਨ੍ਹਾਂ ਨੂੰ ਸਜ਼ਾ ਮਿਲ ਸਕੀ। ਡੀਆਈਜੀ ਕੁਲਤਾਰ ਸਿੰਘ ਨੂੰ ਅੱਠ ਸਾਲ ਦੀ ਕੈਦ ਹੋਈ ਹੈ। ਇਸ ਕੇਸ 'ਚ ਜਾਂਚ ਅਧਿਕਾਰੀ ਜੋ ਇਸ ਜ਼ੁਰਮ ਸਮੇਂ ਐਸਐਚਓ ਸੀ, ਨੂੰ ਵੀ ਸਜ਼ਾ ਸੁਣਾਈ ਗਈ ਹੈ।

SHOW MORE