HOME » Videos » Punjab
Share whatsapp

ਮਿਲੋ ਇਨ੍ਹਾਂ ਕਿਸਾਨਾਂ ਨੂੰ ਜੋ ਫਸਲ ਦੀ ਨਾੜ ਨੂੰ ਅੱਗ ਨਹੀਂ ਲਗਾਉਂਦੇ ਤੇ ਚੌਖਾ ਕਮਾਉਂਦੇ ਹਨ...

Punjab | 07:39 PM IST May 15, 2018

ਅੰਮ੍ਰਿਤਸਰ- ਪੰਜਾਬ ਅੰਦਰ ਕਿਸਾਨਾਂ ਵੱਲੋ ਖਰਚਾ ਨਾ ਕਰਨ ਨੂੰ ਲੈ ਕੇ ਆਪਣੀਆਂ ਜ਼ਮੀਨਾਂ ਅੰਦਰ ਫਸਲ ਕੱਟਣ ਤੋਂ ਬਾਅਦ ਨਾੜ ਨੂੰ ਅੱਗ ਲਗਾਈ ਜਾਂਦੀ ਹੈ, ਪਰ ਦੂਸਰੇ ਪਾਸੇ ਸਰਹੱਦੀ ਤਹਿਸੀਲ ਅਜਨਾਲਾ ਅਧੀਨ ਆਉਂਦੇ ਤਿੰਨ ਪਿੰਡ ਕਿਆਮਪੁਰ, ਰਾਜੀਆਂ, ਭੋਏਵਾਲੀ ਦੇ ਕਿਸਾਨਾਂ ਵੱਲੋਂ ਆਪਣੇ ਪਿੰਡ ਵਿਚ 2,865 ਏਕੜ ਜ਼ਮੀਨ ਦੀ ਪਰਾਲੀ ਅਤੇ ਨਾੜ ਨੂੰ ਅੱਗ ਲਗਾਉਣ ਦੀ ਬਜਾਏ ਨਾੜ ਨੂੰ ਖੇਤਾਂ ਵਿੱਚ ਹੀ ਵਾਹ ਕੇ ਉਸ ਦਾ ਖਾਦ ਵੱਜੋਂ ਇਸਤੇਮਾਲ ਕਰਕੇ ਇੱਕ ਮਿਸਾਲ ਪੈਦਾ ਕੀਤੀ ਜਾ ਰਹੀ ਹੈ। ਯੂ.ਐਨ.ਓ ਅਤੇ ਖੇਤੀਬਾੜੀ ਵਿਭਾਗ ਵੱਲੋਂ ਪੰਜਾਬ ਦੇ 6 ਪਿੰਡਾਂ ਵਿੱਚੋਂ ਇਹਨਾਂ ਤਿੰਨਾਂ ਪਿੰਡਾਂ ਨੂੰ ਪ੍ਰਦੂਸ਼ਣ ਰਹਿਤ ਇੱਕ "ਮਾਡਲ ਪਿੰਡ" ਵੱਜੋ ਪੇਸ਼ ਕਰ ਰਹੀ ਹੈ। ਇਹਨਾਂ ਤਿੰਨਾਂ ਪਿੰਡਾਂ ਨੂੰ ਖੇਤੀਬਾੜੀ ਵਿਭਾਗ ਵੱਲੋਂ ਇੱਕ ਇਕ ਹੈਪੀਸੀਡਰ ਅਤੇ ਇੱਕ ਕਟਰ ਦਿੱਤਾ ਗਿਆ ਹੈ।ਇਹਨਾਂ ਪਿੰਡਾਂ ਵੱਲੋਂ ਸਮੇਂ-ਸਮੇਂ ਸਿਰ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਕਈ ਸੈਮੀਨਾਰ ਵੀ ਲਗਾਏ ਗਏ ਹਨ ਜਿਸ ਤਹਿਤ ਇਹਨਾਂ ਪਿੰਡਾਂ ਨੂੰ ਕਈ ਇਨਾਮ ਵੀ ਮਿਲ ਚੁੱਕੇ ਹਨ।

ਇੱਥੇ ਹੋਰਨਾਂ ਪਿੰਡਾਂ ਨਾਲੋਂ ਸਾਫ਼-ਸੁਥਰਾ ਮਾਹੌਲ ਹੈ, ਪਿੰਡ ਦੀਆਂ ਦੀਵਾਰਾਂ ਉੱਤੇ ਕਣਕ ਦੀ ਨਾੜ ਦੇ ਸਾਭ ਸੰਭਾਲ ਦੇ ਤਰੀਕੇ ਲਿੱਖੇ ਹੋਣ ਦੇ ਨਾ-ਨਾਲ ਦੱਸਿਆ ਗਿਆ ਸੀ ਕਿ ਕਿਵੇਂ ਕਿਸਾਨ ਨਾੜ ਨਾ ਸਾੜ ਕੇ ਵਧੀਆ ਝਾੜ ਪ੍ਰਾਪਤ ਕਰ ਸਕਦੇ ਹਨ।

ਇਸ ਮੌਕੇ ਗੱਲਬਾਤ ਕਰਦੇ ਹੋਏ ਪਿੰਡ ਦੇ ਸਰਪੰਚ ਅਤੇ ਕਿਸਾਨ ਦਿਲਸ਼ੇਰ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਨਾੜ ਨੂੰ ਅੱਗ ਨਹੀਂ ਲਗਾ ਰਹੇ ਜਿਸ ਕਰਕੇ ਉਹਨਾਂ ਨੂੰ ਕਾਫੀ ਫ਼ਾਇਦਾ ਹੋ ਰਿਹਾ ਹੈ, ਉਹਨਾਂ ਦੱਸਿਆ ਕਿ ਕਣਕ ਦਾ ਝਾੜ 25 ਕੁਇੰਟਲ ਤੋਂ ਜ਼ਿਆਦਾ ਆਇਆ ਹੈ, ਇਸ ਵਾਰ ਦੀ ਫਸਲ ਦਾ ਝਾੜ 5 ਕੁਇੰਟਲ ਪ੍ਰਤੀ ਕਿੱਲਾ ਬਾਕੀਆਂ ਨਾਲੋਂ ਜ਼ਿਆਦਾ ਆਇਆ ਹੈ ਅਤੇ 3-3 ਟਰਾਲੀਆਂ ਤੂੜੀ ਦੀਆਂ ਨਿਕਲਦੀਆਂ ਹਨ। ਉਹਨਾਂ ਦੱਸਿਆ ਕਿ ਯੂ.ਐਨ.ਈ.ਪੀ ਤਹਿਤ ਉਹਨਾਂ ਦੇ ਪਿੰਡਾਂ ਨੂੰ 8-8 ਘੰਟੇ ਬਿਜਲੀ ਮਿਲ ਰਹੀ ਹੈ ਅਤੇ ਉਹਨਾਂ ਨੂੰ ਯੂ.ਐਨ.ਓ ਅਤੇ ਖੇਤੀਬਾੜੀ ਵਿਭਾਗ ਵੱਲੋਂ ਆਪਣੇ ਪਿੰਡਾਂ ਵਿੱਚ ਅੱਗ ਨਾ ਲਗਾਉਣ ਕਰਕੇ ਉਹਨਾਂ ਨੂੰ ਹੈਪੀਸੀਡਰ ਅਤੇ ਕੱਟਰ ਮਿਲਿਆ ਹੈ ਜਿਸ ਕਰਕੇ ਉਹਨਾਂ ਨੂੰ ਕਾਫੀ ਫਾਇਦਾ ਹੋਇਆ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਵਿੱਚ ਅੱਗ ਨਾ ਲਗਾਉਣ ਜੇਕਰ ਕਿਸੇ ਵਿਅਕਤੀ ਨੂੰ ਲੱਗਦਾ ਹੈ ਕਿ ਖਰਚਾ ਆਉਂਦਾ ਹੈ ਤਾਂ ਉਹ ਉਨ੍ਹਾਂ ਕੋਲ ਆਉਣ।

ਇਸ ਮੌਕੇ ਕਿਸਾਨ ਬਲਦੇਵ ਸਿੰਘ ਅਤੇ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਪਿਛਲੇ 7-8 ਸਾਲਾਂ ਤੋਂ ਲਗਾਤਾਰ ਪ੍ਰਦੂਸ਼ਨ ਨੁੰ ਘਟਾਉਣ ਲਈ ਨਾੜ ਨੂੰ ਅੱਗ ਨਹੀਂ ਲਗਾ ਰਿਹਾ। ਜਿਸ ਦੇ ਤਹਿਤ ਉਹਨਾਂ ਦੇ ਪਿੰਡਾਂ ਨੂੰ ਯੂ. ਐਨ. ਓ ਅਤੇ ਖੇਤੀਬਾੜੀ ਵਿਭਾਗ ਵੱਲੋਂ ਗੋਦ ਲਿਆ  ਗਿਆ ਹੈ ਅਤੇ ਵਿਭਾਗ ਨੇ ਖੁਸ਼ ਹੋਕੇ ਸਾਨੂੰ ਨਾੜ ਅਤੇ ਪਰਾਲੀ ਦੀ ਸਾਂਭ ਸੰਭਾਲ ਦੀ ਕਈ ਪ੍ਰਕਾਰ ਦੇ ਸੰਦ ਦਿੱਤੇ ਹੋਏ ਜਿਸ ਦੀ ਵਰਤੋਂ ਕਰਕੇ ਉਹ ਭਾਰੀ ਲਾਭ ਲੈ ਰਹੇ ਹਨ।

ਇਸ ਮੌਕੇ ਗੱਲਬਾਤ ਕਰਦੇ ਹੋਏ ਯੂ.ਐਨ.ਈ.ਪੀ ਦੇ ਰਿਸਰਚ ਫੈਲੋ ਨਵਜੋਤ ਸਿੰਘ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਵਿਭਾਗ ਅਤੇ ਯੂਨੀਵਰਸਿਟੀ ਵੱਲੋਂ ਨਾੜ ਨੂੰ ਅੱਗ ਨਾ ਲਗਾਉਣ ਨੂੰ ਲੈ ਕੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਕਿ ਉਹ ਨਾੜ ਨੂੰ ਅੱਗ ਨਾ ਲਗਾ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਅਤੇ ਹੋਰ ਜ਼ਿਆਦਾ ਫਾਇਦੇ ਲੈ ਸਕਣ। ਉਹਨਾਂ ਦੱਸਿਆ ਕਿ ਅੰਮ੍ਰਿਤਸਰ ਦੇ ਤਿੰਨ ਪਿੰਡ ਕਿਆਮਪੁਰ, ਰਾਜੀਆਂ, ਭੋਏਵਾਲੀ ਨੂੰ ਮਸ਼ੀਨਾਂ ਵੀ ਦਿੱਤੀਆਂ ਗਈਆਂ ਹਨ ਜਿੰਨਾਂ ਦਾ ਕਿਸਾਨ ਭਾਰੀ ਲਾਭ ਲੈ ਰਹੇ ਹਨ।

SHOW MORE