HOME » Top Videos » Punjab
Share whatsapp

ਚੋਣ ਪ੍ਰਚਾਰ ਲਈ ਪੰਜਾਬ ਆਏ ਕੇਜਰੀਵਾਲ ਨੂੰ ਵਿਖਾਈਆਂ ਕਾਲੀਆਂ ਝੰਡੀਆਂ

Punjab | 03:53 PM IST May 13, 2019

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੰਗਰੂਰ ਲੋਕ ਸਭਾ ਹਲਕੇ ਤੋਂ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਹੈ। ਖਨੌਰੀ ਤੋਂ ਸ਼ੁਰੂ ਕੀਤੇ ਕੇਜਰੀਵਾਲ ਦੇ ਰੋਡ ਸ਼ੋਅ ਨੂੰ ਕੁਝ ਲੋਕਾਂ ਨੇ ਕਾਲੀਆਂ ਝੰਡੀਆਂ ਵਿਖਾਈਆਂ। ਕੇਜਰੀਵਾਲ ਦਾ ਵਿਰੋਧ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਉਹ ਨਸ਼ੇ ਦੇ ਮੁੱਦੇ 'ਤੇ ਵੱਡੇ-ਵੱਡੇ ਵਾਅਦੇ ਕਰ ਗਏ ਪਰ ਫਿਰ ਬਾਅਦ ਵਿਚ ਮੁਆਫ਼ੀ ਮੰਗ ਲਈ। ਆਪਣੀ ਪੰਜਾਬ ਫੇਰੀ ਦੌਰਾਨ ਕੇਜਰੀਵਾਲ ਸਿਰਫ ਚਾਰ ਲੋਕ ਸਭਾ ਹਲਕਿਆਂ ਵਿੱਚ ਹੀ ਪ੍ਰਚਾਰ ਕਰਨਗੇ। 15 ਮਈ ਤੋਂ ਬਾਅਦ ਕੇਜਰੀਵਾਲ ਫ਼ਰੀਦਕੋਟ, ਬਠਿੰਡਾ ਤੇ ਪਟਿਆਲਾ ਲੋਕ ਸਭਾ ਹਲਕਿਆਂ ਵਿੱਚ ਵਿਚਰਨਗੇ।

ਕੇਜਰੀਵਾਲ ਪਾਰਟੀ ਦੇ ਸੰਗਰੂਰ ਲੋਕ ਸਭਾ ਹਲਕਾ ਤੋਂ ਉਮੀਦਵਾਰ ਭਗਵੰਤ ਮਾਨ ਦੇ ਚੋਣ ਪ੍ਰਚਾਰ ਲਈ ਸੰਗਰੂਰ ਪਹੁੰਚ ਗਏ ਹਨ। ਇਥੇ ਕੇਜਰੀਵਾਲ ਮਾਨ ਦੇ ਹੱਕ ਵਿਚ ਰੋਡ ਸ਼ੋਅ ਕੱਢ ਰਹੇ ਹਨ। ਇਸ ਦੌਰਾਨ ਕੇਜਰੀਵਾਲ, ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਕੈਪਟਨ ਸਰਕਾਰ 'ਤੇ ਰੱਜ ਕੇ ਵਰ੍ਹੇ। ਰੋਡ ਸ਼ੋਅ ਦੌਰਾਨ ਹਰਿਆਣਾ ਨਾਲ ਲੱਗਦੇ ਖਨੌਰੀ ਹਲਕੇ ਵਿਚ ਪਹੁੰਚੇ ਕੇਜਰੀਵਾਲ ਨੇ ਲੋਕਾਂ ਨੂੰ ਪੁੱਛਿਆ ਕਿ ਕੈਪਟਨ ਨੇ ਰੁਜ਼ਗਾਰ ਦੇਣ ਤੇ ਸਮਾਰਟਫੋਨ ਦੇਣ ਦਾ ਵਾਅਦਾ ਕੀਤਾ ਸੀ। ਕੀ ਉਨ੍ਹਾਂ ਨੂੰ ਇਹ ਦੋਵੇਂ ਮਿਲ ਗਏ ਹਨ।

ਕੇਜਰੀਵਾਲ ਨੇ ਕਿਹਾ ਕਿ ਭਾਜਪਾ ਤੇ ਕਾਂਗਰਸ ਸਿਰਫ਼ ਜਨਤਾ ਨੂੰ ਬੇਵਕੂਫ਼ ਬਣਾ ਰਹੇ ਹਨ। ਇਨ੍ਹਾਂ ਦਾ ਜਨਤਾ ਦੇ ਸਰੋਕਾਰਾਂ ਨਾਲ ਕੋਈ ਮਤਲਬ ਨਹੀਂ ਹੈ। ਕੇਜਰੀਵਾਲ ਰੋਡ ਸ਼ੋਅ ਦੌਰਾਨ ਖਨੌਰੀ ਤੋਂ ਇਲਾਵਾ ਲਹਿਰਾਗਾਗਾ ਸੁਨਾਮ, ਚੀਮਾ, ਲੌਂਗੋਵਾਲ, ਧਨੋਲਾ ਹੁੰਦੇ ਹੋਏ ਢਿੱਲਵਾਂ-ਬਰਨਾਲਾ ਤੱਕ ਜਾਣਗੇ। ਮੰਗਲਵਾਰ ਨੂੰ ਉਹ ਬਰਨਾਲਾ-ਸੰਘੇੜਾ-ਸ਼ੇਰਪੁਰ-ਧੂਰੀ-ਸੰਗਰੂਰ ਤੱਕ ਰੋਡ ਸ਼ੋਅ ਤੇ ਭਵਾਨੀਗੜ੍ਹ, ਦਿੜ੍ਹਬਾ ਤੇ ਸੁਨਾਮ 'ਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ।

SHOW MORE