ਬਰਗਾੜੀ ਮੋਰਚੇ ਦੀ ਸਮਾਪਤੀ ਬਾਰੇ ਮੰਡ ਨੇ ਦਿੱਤੀ `ਸਫਾਈ`, ਕਿਹਾ, ਸਰਕਾਰ ਨੇ ਸਾਰੀਆਂ ਮੰਗਾਂ ਮੰਨੀਆਂ
Punjab | 07:15 PM IST Dec 12, 2018
ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਬਰਗਾੜੀ ਮੋਰਚਾ ਸਮਾਪਤ ਕਰਨ ਬਾਰੇ ਚੁੱਕੇ ਸਵਾਲਾਂ ਤੋਂ ਬਾਅਦ ਮੋਰਚੇ ਦੇ ਪ੍ਰਬੰਧਕ ਧਿਆਨ ਸਿੰਘ ਮੰਡ ਨੇ ਦਾਅਵਾ ਕੀਤਾ ਹੈ ਕਿ ਫੈਸਲਾ ਸਭ ਦੀ ਸਹਿਮਤੀ ਨਾਲ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿਚ ਕੋਈ ਮਤਭੇਦ ਨਹੀਂ ਹਨ।ਸਾਰੇ ਮਿਲ ਕੇ ਸੰਘਰਸ਼ ਕਰਾਂਗੇ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ ਤੇ ਇਸ ਪਾਸੇ ਸਰਕਾਰ ਹਰ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਕਾਂਡ ਦੇ ਤਕਰੀਬਨ ਸਾਰੇ ਦੋਸ਼ੀਆਂ ਨੂੰ ਫੜ ਲਿਆ ਗਿਆ ਹੈ। ਬੰਦੀ ਸਿੰਘਾਂ ਦੀ ਰਹਾਇਤੀ ਲਈ ਵੀ ਕੋਸ਼ਿਸ਼ਾਂ ਹੋ ਰਹੀਆਂ ਹਨ। ਮੋਰਚਾ ਖਤਮ ਕਰਨ ਵੇਲੇ ਸਰਕਾਰ ਦੇ ਮੰਤਰੀ ਪੁੱਜੇ ਸਨ ਤੇ ਉਨ੍ਹਾਂ ਨੇ ਹਰ ਮਸਲੇ ਦੇ ਹੱਲ ਦਾ ਭਰੋਸਾ ਦਿੱਤਾ ਸੀ, ਜਿਸ ਤੋਂ ਬਾਅਦ ਹੀ ਫੈਸਲਾ ਲਿਆ ਗਿਆ ਸੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਦਾਦੂਵਾਲ ਨੇ ਉਨ੍ਹਾਂ ਨੂੰ ਤਾਨਾਸ਼ਾਹ ਕਿਹਾ ਸੀ ਤਾਂ ਉਨ੍ਹਾਂ ਇਹ ਆਖ ਕੇ ਜਵਾਬ ਦੇਣ ਤੋਂ ਟਾਲਾ ਵੱਟ ਲਿਆ ਕਿ ਉਨ੍ਹਾਂ ਵਿਚ ਕੋਈ ਮਤਭੇਦ ਨਹੀਂ ਹਨ ਤੇ ਸਭ ਠੀਕ ਹੈ।